ਕਬਾਇਲੀ ਵਾਤਾਵਰਣ ਰੱਖਿਅਕ ਨੇ 400 ਏਕੜ ਰਕਬੇ ਵਿਚ ਜੰਗਲ ਲਗਾਉਣ ਲਈ ਕੀਤਾ ਪ੍ਰੇਰਿਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਇਲਾਵਾ ਕਸ਼ਯਪ ਨੇ ਜੰਗਲਾਂ ਦੀ ਸੰਭਾਲ ਲਈ ਸਥਾਨਕ ਮਾਨਤਾਵਾਂ ਆਦਿ ਦੀ ਵੀ ਵਰਤੋਂ ਕੀਤੀ

PHOTO

 

ਛੱਤੀਸਗੜ੍ਹ : ਜੰਗਲਾਂ ਦੀ ਸੰਭਾਲ ਲਈ ਭਾਈਚਾਰਕ ਪਹਿਲਕਦਮੀ ਕਰਦੇ ਹੋਏ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ 74 ਸਾਲਾ ਆਦਿਵਾਸੀ ਕਿਸਾਨ ਨੇ ਆਪਣੇ ਪਿੰਡ ਦੀ 400 ਏਕੜ ਜ਼ਮੀਨ ਨੂੰ ਸੰਘਣੇ ਜੰਗਲ ਵਿਚ ਬਦਲ ਦਿਤਾ ਹੈ।

ਜੰਗਲਾਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਆਦਿਵਾਸੀ ਕਿਸਾਨ ਦਾਮੋਦਰ ਕਸ਼ਯਪ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਦਾ ਨਾ ਸਿਰਫ਼ ਸੰਘ ਕਰਮਾਰੀ ਪਿੰਡ ਸਗੋਂ ਆਸ-ਪਾਸ ਦੇ ਪਿੰਡਾਂ 'ਤੇ ਵੀ ਸਕਾਰਾਤਮਕ ਪ੍ਰਭਾਵ ਪਿਆ ਹੈ।

ਕਸ਼ਯਪ ਲਈ ਬਕਾਵੰਡ ਬਲਾਕ ਦੇ ਸੰਘ ਕਰਮਾਰੀ ਪਿੰਡ ਦਾ ਇਹ ਜੰਗਲ ਇਕ ਪਵਿੱਤਰ ਸਥਾਨ ਵਾਂਗ ਹੈ, ਜਿਸ ਨੂੰ ਉਸ ਨੇ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ।

ਪੀਟੀਆਈ ਨਾਲ ਗੱਲ ਕਰਦਿਆਂ ਕਸ਼ਯਪ ਨੇ ਕਿਹਾ, "ਜਦੋਂ ਮੈਂ 1970 ਵਿਚ ਜਗਦਲਪੁਰ ਵਿਚ ਆਪਣੀ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਿੰਡ ਵਾਪਸ ਆਇਆ ਤਾਂ ਆਪਣੇ ਘਰ ਦੇ ਨੇੜੇ 300 ਏਕੜ ਵਿਚ ਫੈਲੇ ਜੰਗਲ ਨੂੰ ਤਬਾਹ ਹੋਇਆ ਦੇਖ ਕੇ ਹੈਰਾਨ ਰਹਿ ਗਿਆ।"

ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸੰਘਣੇ ਜੰਗਲਾਂ ਵਿਚ ਕੁਝ ਦਰੱਖਤ ਹੀ ਖੜ੍ਹੇ ਹੁੰਦੇ ਸਨ। ਉਸ ਨੇ ਦਸਿਆ ਕਿ ਜੰਗਲ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਉਸ ਨੇ ਉੱਥੇ ਦੁਬਾਰਾ ਸੰਘਣਾ ਜੰਗਲ ਲਗਾਉਣ ਦਾ ਫੈਸਲਾ ਕੀਤਾ।

ਕਸ਼ਯਪ ਨੇ ਕਿਹਾ, “ਸ਼ੁਰੂਆਤ ਵਿਚ ਪਿੰਡ ਵਾਸੀਆਂ ਨੂੰ ਰੁੱਖ ਨਾ ਕੱਟਣ ਲਈ ਮਨਾਉਣਾ ਔਖਾ ਸੀ, ਕਿਉਂਕਿ ਇਹ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸੀ। ਪਰ ਹੌਲੀ-ਹੌਲੀ ਲੋਕ ਜੰਗਲ ਦੀ ਮਹੱਤਤਾ ਨੂੰ ਸਮਝਣ ਲੱਗੇ। 1977 ਵਿਚ ਪਿੰਡ ਦਾ ਸਰਪੰਚ ਚੁਣੇ ਜਾਣ ਤੋਂ ਬਾਅਦ, ਕਸ਼ਯਪ ਨੇ ਜੰਗਲ ਨੂੰ ਮੁੜ ਸੁਰਜੀਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।ਉਨ੍ਹਾਂ ਦੇ ਬੇਟੇ ਤਿਲਕਰਾਮ ਨੇ ਦਸਿਆ ਕਿ ਆਪਣੇ ਕਾਰਜਕਾਲ ਦੌਰਾਨ ਕਸ਼ਯਪ ਨੇ ਸਖ਼ਤ ਨਿਯਮ ਬਣਾਏ ਅਤੇ ਜੰਗਲ ਨੂੰ ਤਬਾਹ ਕਰਨ ਵਾਲਿਆਂ 'ਤੇ ਜੁਰਮਾਨਾ ਲਗਾਇਆ।

ਉਨ੍ਹਾਂ ਕਿਹਾ, "ਪੰਚਾਇਤ ਨੇ 'ਠੇਗਾ ਪਾਲੀ' ਪ੍ਰਣਾਲੀ ਸ਼ੁਰੂ ਕੀਤੀ, ਜਿਸ ਤਹਿਤ ਜੰਗਲਾਂ ਵਿਚ ਦਰੱਖਤਾਂ ਆਦਿ ਦੀ ਗੈਰ-ਕਾਨੂੰਨੀ ਕਟਾਈ ਨੂੰ ਰੋਕਣ ਲਈ ਪਿੰਡ ਦੇ ਤਿੰਨ ਆਦਮੀਆਂ ਨੂੰ ਰੋਜ਼ਾਨਾ ਗਸ਼ਤ 'ਤੇ ਭੇਜਿਆ ਜਾਂਦਾ ਸੀ।"

ਤਿਲਕਰਾਮ ਨੇ ਕਿਹਾ ਕਿ ਇਸ ਤੋਂ ਇਲਾਵਾ ਕਸ਼ਯਪ ਨੇ ਜੰਗਲਾਂ ਦੀ ਸੰਭਾਲ ਲਈ ਸਥਾਨਕ ਮਾਨਤਾਵਾਂ ਆਦਿ ਦੀ ਵੀ ਵਰਤੋਂ ਕੀਤੀ।

ਉਨ੍ਹਾਂ ਕਿਹਾ ਕਿ ਪਿੰਡ ਦੇ ਦੇਵਤੇ ਦਾ 'ਲਾਟ' (ਡੰਡ) ਪਿੰਡ ਅਤੇ ਜੰਗਲ ਦੇ ਦੁਆਲੇ ਘੁੰਮਾਇਆ ਗਿਆ ਤਾਂ ਜੋ ਲੋਕਾਂ ਨੂੰ ਪ੍ਰਭਾਵਤ ਕੀਤਾ ਜਾ ਸਕੇ ਕਿ ਇਹ ਇਕ ਪਵਿੱਤਰ ਸਥਾਨ ਹੈ ਅਤੇ ਇਸ ਦੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ।

“ਸਾਡੇ ਘਰ ਦੇ ਨੇੜੇ 300 ਏਕੜ ਜ਼ਮੀਨ ਤੋਂ ਇਲਾਵਾ, ਮੇਰੇ ਪਿਤਾ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮਾਓਲੀਕੋਟ ਵਿਚ 100 ਏਕੜ ਜ਼ਮੀਨ ਉੱਤੇ ਜੰਗਲ ਵੀ ਉਗਾਇਆ ਸੀ।”