ਸਰਕਾਰ ਦੀ ਅਪੀਲ ’ਤੇ ਭਲਵਾਨ ਵਿਰੋਧ ਪ੍ਰਦਰਸ਼ਨ ਮੁਲਤਵੀ ਕਰਨ ਲਈ ਰਾਜ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

15 ਜੂਨ ਤਕ ਚਾਰਜਸ਼ੀਟ ਦਾਖ਼ਲ ਹੋਵੇਗੀ

Bajrang Punia and Sakshi Malik

ਨਵੀਂ ਦਿੱਲੀ:  ਸਰਕਾਰ ਨੇ ਅੰਦੋਲਨ ਕਰ ਰਹੇ ਭਲਵਾਨਾਂ ਨੂੰ ਭਾਰਤੀ ਕੁਸ਼ਤੀ ਫ਼ੈਡਰੇਸ਼ਨ (ਡਬਿਲਊ.ਐਫ਼.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਵਿਰੁਧ ਜਿਨਸੀ ਸੋਸ਼ਣ ਦੇ ਦੋਸ਼ਾਂ ਦੀ ਪੁਲਿਸ ਜਾਂਚ 15 ਜੂਨ ਤਕ ਪੂਰੀ ਹੋਣ ਤਕ ਉਡੀਕ ਕਰਨ ਨੂੰ ਕਿਹਾ ਹੈ। ਇਸ ਤੋਂ ਬਾਅਦ ਉਹ ਇਕ ਹਫ਼ਤੇ ਲਈ ਵਿਰੋਧ ਪ੍ਰਦਰਸ਼ਨ ਮੁਲਤਵੀ ਕਰਨ ਲਈ ਰਾਜ਼ੀ ਹੋ ਗਏ ਹਨ। 

ਇਕ ਨਾਬਾਲਗ ਸਮੇਤ 7 ਔਰਤ ਭਲਵਾਨਾਂ ਦੇ ਜਿਨਸੀ ਸੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਦੀ ਗਿ੍ਰਫ਼ਤਾਰੀ ਦੀ ਮੰਗ ਨੂੰ ਲੈ ਕੇ 23 ਅਪ੍ਰੈਲ ਤੋਂ ਪ੍ਰਦਰਸ਼ਨ ਕਰ ਰਹੇ ਭਲਵਾਨਾਂ ਨੂੰ ਅੱਜ ਖੇਡ ਮੰਤਰੀ ਠਾਕੁਰ ਨੇ ਮੁਲਾਕਾਤ ਲਈ ਸਦਿਆ ਸੀ।

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਲਗਭਗ ਪੰਜ ਘੰਟਿਆਂ ਤਕ ਚੱਲੀ ਬੈਠਕ ਤੋਂ ਬਾਅਦ ਭਲਵਾਨਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਹੈ ਕਿ ਪੁਲਿਸ ਉਨ੍ਹਾਂ ਵਿਰੁਧ ਐਫ਼.ਆਈ.ਆਰ. ਵਾਪਸ ਲਵੇਗੀ। 

ਦਿੱਲੀ ਪੁਲਿਸ ਨੇ ਭਲਵਾਨਾਂ ਨੂੰ 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਉੱਥੇ ਮਹਿਲਾ ਮਹਾਪੰਚਾਇਤ ਕਰਵਾਉਣ ਲਈ ਵਧਣ ਦੀ ਕੋਸ਼ਿਸ਼ ਤੋਂ ਬਾਅਦ ਕਾਨੂੰਨ ਅਤੇ ਵਿਵਸਥਾ ਵਿਗਾੜਨ ਦੇ ਦੋਸ਼ ’ਚ ਹਿਰਾਸਤ ’ਚ ਲੈ ਲਿਆ ਸੀ ਅਤੇ ਫਿਰ ਉਨ੍ਹਾਂ ਨੂੰ ਧਰਨੇ ਵਾਲੀ ਥਾਂ ਤੋਂ ਹਟਾ ਦਿਤਾ ਸੀ। 

ਬੈਠਕ ’ਚ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਉਨ੍ਹਾਂ ਦੇ ਪਤੀ ਸੱਤਿਆਵਰਤ ਕਾਦਿਆਨ ਤੇ ਜਿਤੇਂਦਰ ਕਿਨਹਾ ਮੌਜੂਦ ਸਨ। ਹਾਲਾਂਕਿ ਬਿ੍ਰਜ ਭੂਸ਼ਣ ਦੀ ਗਿ੍ਰਫ਼ਤਾਰੀ ਦੀ ਖਿਡਾਰੀਆਂ ਦੀ ਮੁੱਖ ਮੰਗ ਬਾਰੇ ਕਿਸੇ ਵੀ ਧਿਰ ਨੇ ਫਿਲਹਾਲ ਕੁਝ ਨਹੀਂ ਕਿਹਾ ਹੈ। 

ਅੰਦੋਲਨ ਦੀ ਅਗਵਾਈ ਕਰ ਰਹੇ ਭਲਵਾਨਾਂ ’ਚ ਸ਼ਾਮਲ ਵਿਨੇਸ਼ ਫੋਗਾਟ ਬੈਠਕ ’ਚ ਨਹੀਂ ਸੀ ਕਿਉਂਕਿ ਉਹ ਹਰਿਆਣਾ ਦੇ ਅਪਣੇ ਪਿੰਡ ਬਲਾਲੀ ’ਚ ਹਨ, ਜਿੱਥੇ ਪਹਿਲਾਂ ਤੋਂ ਮਿੱਥੇ ਪ੍ਰੋਗਰਾਮ ਅਨੁਸਾਰ ‘ਪੰਚਾਇਤ’ ਕੀਤੀ ਜਾ ਰਹੀ ਹੈ। ਅੰਦੋਲਨ ’ਚ ਭਲਵਾਨਾਂ ਦੀ ਹਮਾਇਤ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੀ ਨਹੀਂ ਸਨ। 

ਸਾਕਸ਼ੀ ਮਲਿਕ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਸਾਨੂੰ ਦਸਿਆ ਗਿਆ ਸੀ ਕਿ ਪੁਲਿਸ ਜਾਂਚ 15 ਜੂਨ ਤਕ ਪੂਰੀ ਹੋ ਜਾਵੇਗੀ। ਉਦੋਂ ਤਕ ਸਾਨੂੰ ਉਡੀਕ ਕਰਨ ਅਤੇ ਵਿਰੋਧ ਮੁਲਤਵੀ ਕਰਨ ਲਈ ਕਿਹਾ ਗਿਆ ਹੈ।’’ 

ਉਨ੍ਹਾਂ ਕਿਹਾ, ‘‘ਦਿੱਲੀ ਪੁਲਿਸ ਭਲਵਾਨਾਂ ਵਿਰੁਧ 28 ਮਈ ਨੂੰ ਦਰਜ ਐਫ਼.ਆਈ.ਆਰ. ਵੀ ਵਾਪਸ ਲਵੇਗੀ।’’

ਸਾਕਸ਼ੀ ਅਤੇ ਪੂਨੀਆ ਦੋਹਾਂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਅਜੇ ਖ਼ਤਮ ਨਹੀਂ ਹੋਇਆ  ਹੈ ਅਤੇ ਉਨ੍ਹਾਂ ਨੇ ਸਰਕਾਰ ਦੀ ਅਪੀਲ ’ਤੇ ਹੀ ਅਪਣਾ ਵਿਰੋਧ 15 ਜੂਨ ਤਕ ਮੁਲਤਵੀ ਕੀਤਾ ਹੈ। ਬਾਅਦ ’ਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਡਬਲਿਊ.ਐਫ਼.ਆਈ. ਦੀਆਂ ਚੋਣਾਂ 30 ਜੂਨ ਤਕ ਕਰਵਾਈਆਂ ਜਾਣਗੀਆਂ।