ਰਾਹੁਲ ਗਾਂਧੀ ਦੀ ਸੁਰੱਖਿਆ ਮਾਮਲਿਆਂ ਵਿਚ ਸਿਰਫ਼ ਕਮਿਸ਼ਨ ਦੀ ਦਿਲਚਸਪੀ : ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ 'ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਰੁਚੀ ਸਿਰਫ਼ ਕਮਿਸ਼ਨ ਵਾਲੀਆਂ ਬੈਠਕਾਂ ਵਿਚ ਹੁੰਦੀ ਹੈ,

Rahul Gandhi

ਨਵੀਂ ਦਿੱਲੀ,  6 ਜੁਲਾਈ : ਭਾਜਪਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ 'ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਰੁਚੀ ਸਿਰਫ਼ ਕਮਿਸ਼ਨ ਵਾਲੀਆਂ ਬੈਠਕਾਂ ਵਿਚ ਹੁੰਦੀ ਹੈ, ਇਸ ਲਈ ਉਨ੍ਹਾਂ ਰਖਿਆ ਸਬੰਧੀ ਸੰਸਦ ਦੀ ਸਥਾਈ ਕਮੇਟੀ ਦੀਆਂ ਕੁਲ 11 ਬੈਠਕਾਂ ਵਿਚੋਂ ਇਕ ਵਿਚ ਵੀ ਹਿੱਸਾ ਨਹੀਂ ਲਿਆ।  

ਭਾਜਪਾ ਬੁਲਾਰੇ ਜੀ ਵੀ ਐਲ ਨਰਸਿਮ੍ਹਾ ਨੇ ਪੱਤਰਕਾਰਾਂ ਨੂੰ ਸੰਬੋਧਤ ਕਰਦਿਆਂ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਆਖ਼ਰ ਰਾਹੁਲ ਗਾਂਧੀ ਕਿਉਂ ਕਮੇਟੀ ਦੀਆਂ ਬੈਠਕਾਂ ਤੋਂ ਗ਼ਾਇਬ ਰਹਿੰਦੇ ਹਨ। ਉਨ੍ਹਾਂ ਕਿਹਾ, 'ਵਾਇਨਾਡ ਸੀਟ ਤੋਂ ਚੁਣ ਕੇ ਲੋਕ ਸਭਾ ਵਿਚ ਆਉਣ ਮਗਰੋਂ ਰਾਹੁਲ ਗਾਂਧੀ ਰਖਿਆ ਸਬੰਧੀ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰ ਬਣੇ। ਇਸ ਕਮੇਟੀ ਦੀਆਂ ਹੁਣ ਤਕ ਕੁਲ 11 ਬੈਠਕਾਂ ਹੋਈਆਂ ਹਨ ਪਰ ਉਨ੍ਹਾਂ ਕਿਸੇ ਵੀ ਬੈਠਕ ਵਿਚ ਹਿੱਸਾ ਨਹੀਂ ਲਿਆ। ਇਥੋਂ ਤਕ ਕਿ ਕਮੇਟੀ ਨੇ ਸੁਰੱਖਿਆ ਦੇ ਪੱਖ ਤੋਂ ਸੰਵੇਦਨਸ਼ੀਲ ਅਰੁਣਾਂਚਲ ਪ੍ਰਦੇਸ਼ ਦੇ ਤਵਾਂਗ ਦਾ ਵੀ ਦੌਰਾ ਕੀਤਾ ਪਰ ਰਾਹੁਲ ਗਾਂਧੀ ਉਸ ਵਿਚ ਵੀ ਨਹੀਂ ਗਏ।' 

ਉਨ੍ਹਾਂ ਕਿਹਾ, 'ਰਖਿਆ ਸਬੰਧੀ ਸਥਾਈ ਕਮੇਟੀ ਦੀਆਂ 11 ਬੈਠਕਾਂ ਵਿਚੋਂ ਇਕ ਲਈ ਵੀ ਰਾਹੁਲ ਗਾਂਧੀ ਨੇ ਸਮਾਂ ਨਹੀਂ ਕਢਿਆ। ਕੀ ਉਹ ਸਿਰਫ਼ ਕਮਿਸ਼ਨ ਦੀਆਂ ਬੈਠਕਾਂ ਵਿਚ ਹਿੱਸਾ ਲੈਂਦੇ ਹਨ। ਕੀ ਸੰਸਦੀ ਕਮੇਟੀ ਉਨ੍ਹਾਂ ਲਈ ਕੋਈ ਮਾਅਨੇ ਨਹੀਂ ਰੱਖਦੀ, ਇਸ ਦਾ ਜਵਾਬ ਅੱਜ ਖ਼ੁਦ ਰਾਹੁਲ ਗਾਂਧੀ ਨੂੰ ਦੇਣਾ ਪਵੇਗਾ।' ਰਾਉ ਨੇ ਕਿਹਾ ਕਿ ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਪਰਵਾਰ ਲਈ ਰਖਿਆ ਮਾਮਲਿਆਂ ਵਿਚ ਸਿਰਫ਼ ਕਮਿਸ਼ਨ ਲਈ ਰੁਚੀ ਰਹਿੰਦੀ ਹੈ।

ਉਨ੍ਹਾਂ ਕਿਹਾ, 'ਪਰ ਰਖਿਆ ਮਾਮਲਿਆਂ ਵਿਚ ਚਰਚਾ ਕਰਨਾ, ਹਥਿਆਬੰਦ ਬਲਾਂ ਦੇ ਕੰਮਕਾਜ ਦੀ ਸਮੀਖਿਆ ਕਰਨਾ, ਉਨ੍ਹਾਂ ਦੇ ਮਨੋਬਲ ਨੂੰ ਉੱਚਾ ਕਰਨ ਲਈ ਕੋਈ ਗੱਲ ਕਹਿਣਾ, ਇਹ ਸੱਭ ਰਾਹੁਲ ਗਾਂਧੀ ਦੇ ਵਿਸ਼ੇ ਨਹੀਂ ਹਨ। ਉਹ, ਸਿਰਫ਼ ਅਤੇ ਸਿਰਫ਼ ਫ਼ੌਜ ਦੇ ਹੌਸਲੇ ਨੂੰ ਡੇਗਣ ਦੀ ਕੋਸ਼ਿਸ਼ ਕਰਦੇ ਹਨ।'  (ਏਜੰਸੀ)