ਕੋਰੋਨਾ ਮਾਮਲਿਆਂ ਨੂੰ ਲੈ ਕੇ ਸ਼ਿਵਸੈਨਾ ਦਾ ਨਿਸ਼ਾਨਾ, ‘ਇਹੀ ਹਾਲ ਰਿਹਾ ਤਾਂ ਅਸੀਂ ਨੰਬਰ 1 ਹੋਵਾਂਗੇ’

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੌਰਾਨ ਵੱਖ-ਵੱਖ ਸਿਆਸੀ ਧਿਰਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲੈ ਰਹੀਆਂ ਹਨ।

Uddhav Thackeray and PM Modi

ਮੁੰਬਈ: ਦੇਸ਼ ਭਰ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੌਰਾਨ ਵੱਖ-ਵੱਖ ਸਿਆਸੀ ਧਿਰਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲੈ ਰਹੀਆਂ ਹਨ। ਇਸ ਦੇ ਚਲਦਿਆਂ ਮਹਾਰਾਸ਼ਟਰ ਵਿਚ ਸੱਤਾਧਾਰੀ ਦਲ ਸ਼ਿਵਸੈਨਾ ਨੇ ਅਪਣੇ  ਅਖ਼ਬਾਰ ਸਾਮਨਾ ਦੇ ਜ਼ਰੀਏ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ।

ਉਹਨਾਂ ਨੇ ਲਿਖਿਆ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ 21 ਦਿਨਾਂ ਵਿਚ ਕੋਰੋਨਾ ਤੋਂ ਜਿੱਤ ਜਾਵਾਂਗੇ ਪਰ 100 ਦਿਨ ਬਾਅਦ ਵੀ ਕੋਰੋਨਾ ਮੈਦਾਨ ਵਿਚ ਡਟਿਆ ਹੋਇਆ ਹੈ ਅਤੇ ਲੜਨ ਵਾਲੇ ਥੱਕ ਚੁੱਕੇ ਹਨ’। ਲਿਖਿਆ ਗਿਆ ਹੈ ਕਿ ‘ਕੋਰੋਨਾ ਦੇ ਮਾਮਲਿਆਂ ਵਿਚ ਅਸੀਂ ਰੂਸ ਨੂੰ ਹਰਾ ਦਿੱਤਾ ਹੈ ਅਤੇ ਇਹੀ ਹਾਲ ਰਿਹਾ ਤਾਂ ਇਕ ਦਿਨ ਭਾਰਤ ਪਹਿਲੇ ਨੰਬਰ ‘ਤੇ ਪਹੁੰਚ ਜਾਵੇਗਾ’।

ਅਖ਼ਬਾਰ ਦੀ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ‘ਸਾਲ 2021 ਤੱਕ ਕੋਰੋਨਾ ਦਾ ਟੀਕਾ ਮਿਲਣਾ ਮੁਸ਼ਕਿਲ ਹੈ’। ਕੋਰੋਨਾ ਵਾਇਰਸ ਦੇ ਸੰਦਰਭ ਵਿਚ ਸਾਮਨਾ ਵਿਚ ਲਿਖਿਆ ਗਿਆ ਹੈ ਕਿ ‘ਕੋਈ ਕਿੰਨਾ ਵੀ ਕਹੇ ਪਰ ਕੋਰੋਨਾ ਤੁਰੰਤ ਹਟਣ ਵਾਲਾ ਨਹੀਂ ਹੈ। ਸੰਖੇਪ ਵਿਚ ਕਹੀਏ ਤਾਂ ਚੀਨ ਅਤੇ ਉਸ ਵੱਲੋਂ ਫੈਲਾਇਆ ਗਿਆ ਕੋਰੋਨਾ ਵਾਇਰਸ ਰਹਿਣ ਵਾਲਾ ਹੀ ਹੈ।

ਕੋਰੋਨਾ ਖਿਲਾਫ ਅਧੁਨਿਕ ਭਾਰਤ ਦੀ ਜੰਗ ਮਹਾਂਭਾਰਤ ਤੋਂ ਵੀ ਜ਼ਿਆਦਾ ਔਖੀ ਹੈ। 18 ਦਿਨਾਂ ਵਿਚ ਮਹਾਂਭਾਰਤ ਦੀ ਜੰਗ ਖਤਮ ਹੋ ਗਈ ਸੀ। ਕੋਰੋਨਾ ਯੁੱਧ 21 ਦਿਨਾਂ ਵਿਚ ਖਤਮ ਨਹੀਂ ਹੋਇਆ। ਇਹ 2021 ਤੱਕ ਚੱਲੇਗਾ। ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਭਾਰਤ ਵਿਚ ਜ਼ਿਆਦਾ ਮਾਮਲੇ ਆਉਣ ਦੀ ਇਹ ਸ਼ੁਰੂਆਤ ਹੈ। ਬਾਕੀ ਉਦਯੋਗ, ਅਰਥਵਿਵਸਥਾ, ਜੀਵਨ ਪੱਧਰ, ਰੁਜ਼ਗਾਰ ਪ੍ਰਭਾਵਿਤ ਹੋਇਆ ਹੈ ਫਿਰ ਵੀ ਲੜਨਾ ਹੀ ਹੈ’।

ਦੱਸ ਦਈਏ ਕਿ ਦੇਸ਼ ਵਿਚ ਸੋਮਵਾਰ ਸਵੇਰ ਤੋਂ ਮੰਗਲਵਾਰ ਸਵੇਰੇ 8 ਵਜੇ ਦੌਰਾਨ 22 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਚਲਦਿਆਂ ਹੀ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 7 ਲੱਖ ਤੋਂ ਪਾਰ ਚਲੀ ਗਈ ਹੈ। ਕੋਰੋਨਾ ਵਾਇਰਸ ਮ੍ਰਿਤਕਾਂ ਦੀ ਗਿਣਤੀ ਵੀ 20 ਹਜ਼ਾਰ ਤੋਂ ਪਾਰ ਹੈ। ਦੇਸ਼ ਵਿਚ ਕੁੱਲ ਐਕਟਿਵ ਮਾਮਲੇ 2,59,557 ਹਨ।