ਚੋਣਾਂ ’ਤੇ ਨਜ਼ਰ, ਕਾਂਗਰਸ ਨੇ ਮੱਧ ਪ੍ਰਦੇਸ਼ ’ਚ ਸਿੱਖ ਪ੍ਰਤੀਨਿਧੀਆਂ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੱਖਾਂ ਨੇ ਮੱਧ ਪ੍ਰਦੇਸ਼ ਦੀਆਂ ਪੰਜ ਸੀਟਾਂ ’ਤੇ ਕੀਤੀ ਦਾਅਵੇਦਾਰੀ

Kamalnath with Sikh representatives.

ਭੋਪਾਲ: ਮੱਧ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦੀ ਤਿਆਰੀ ’ਚ ਕਾਂਗਰਸ ਕੋਈ ਕਸਰ ਨਹੀਂ ਛਡਣਾ ਚਾਹੁੰਦੀ। ਇਸੇ ਦੇ ਮੱਦੇਨਜ਼ਰ ਕਾਂਗਰਸ ਨੇ ਸਿੱਖਾਂ ਦਾ ਸੰਮੇਲਨ ਕਰਵਾਇਆ ਹੈ। ਇਸ ’ਚ ਸਿੱਖਾਂ ਦੇ ਪ੍ਰਤੀਨਿਧੀਆਂ ਨੇ ਸੂਬੇ ਦੇ ਕਾਂਗਰਸ ਪ੍ਰਧਾਨ ਕਮਲਨਾਥ ਨਾਲ ਗੱਲਬਾਤ ਕੀਤੀਆਂ ਅਤੇ ਅਪਣੀਆਂ ਮੰਗਾਂ ਰਖੀਆਂ। 

ਕਮਲਨਾਥ ਦੀ ਰਿਹਾਇਸ਼ ’ਤੇ ਹੋਏ ਸੰਮੇਲਨ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਪਿਛਲੇ ਸਾਲ ਗੁਰੂ ਨਾਨਕ ਗੁਰਪੁਰਬ ’ਤੇ ਇੰਦੌਰ ’ਚ ਹੋਏ ਪ੍ਰੋਗਰਾਮ ’ਚ ਕਮਲਨਾਥ ਦੇ ਪੁੱਜਣ ’ਤੇ ਵਿਰੋਧ ਹੋਇਆ ਸੀ। ਕੀਰਤਨੀਏ ਮਨਪ੍ਰੀਤ ਸਿੰਘ ਕਾਨਪੁਰੀ ਨੇ ’84 ਸਿੱਖ ਕਤਲੇਆਮ ’ਚ ਕਮਲਨਾਥ ਦੀ ਕਥਿਤ ਭੂਮਿਕਾ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਸੱਦਣ ਦਾ ਵਿਰੋਧ ਕੀਤਾ ਸੀ।

ਜਦਕਿ ਭਾਜਪਾ ਲਗਾਤਾਰ ਕਮਲਨਾਥ ਦੀ ਸਿੱਖ ਕਤਲੇਆਮ ’ਚ ਭੂਮਿਕਾ ਨੂੰ ਲੈ ਕੇ ਨਿਸ਼ਾਨਾ ਲਾਉਂਦੀ ਰਹਿੰਦੀ ਹੈ। ਹਾਲਾਂਕਿ ਸੰਮੇਲਨ ’ਚ ਆਏ ਸਿੱਖਾਂ ਦੇ ਪ੍ਰਤੀਨਿਧੀਆਂ ਕੋਲੋਂ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਬੇਮਤਲਬ ਦਸਿਆ ਹੈ। 

ਸੰਮੇਲਨ ਦੌਰਾਨ ਸਤਨਾ ਤੋਂ ਆਏ ਸਿੱਖਾਂ ਦੇ ਪ੍ਰਤੀਨਿਧੀ ਪਰਦੂਮਣ ਸਿੰਘ ਸਲੂਜਾ ਨੇ ਅਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਜਬਲਪੁਰ, ਇੰਦੌਰ, ਭੋਪਾਲ, ਖੰਡਵਾ, ਬੁਰਹਾਨਪੁਰ ਅਤੇ ਮਹਿਦਪੁਰ ਸਮੇਤ ਕਈ ਥਾਵਾਂ ’ਤੇ ਚੰਗੀ ਗਿਣਤੀ ਹੈ ਅਤੇ ਅਸਰ ਹੈ। ਇਸ ਤੋਂ ਇਲਾਵਾ ਅਸ਼ੋਕਨਗਰ ਜ਼ਿਲ੍ਹੇ ਦੀ ਮੁੰਗਾਵਲੀ, ਗਵਾਲੀਅਰ, ਭਿੰਡ ’ਚ ਵੀ ਸਿੱਖਾਂ ਦੀ ਕਾਫ਼ੀ ਵਸੋਂ ਹੈ। ਇਸ ਲਈ ਪਾਰਟੀ ਸਰਵੇ ਕਰਵਾਏ ਅਤੇ ਉਨ੍ਹਾਂ ਨੂੰ ਟਿਕਟ ਦਿਤਾ ਜਾਵੇ। ਸੰਮੇਲਨ ’ਚ ਸੂਬੇ ਭਰ ਦੇ ਸਿੱਖਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ।

ਸੰਮੇਲਨ ’ਚ ਸਿੱਖਾਂ ਨੇ ਕਾਂਗਰਸ ਸਰਕਾਰ ਸਮੇਂ ਸਿੱਖਾਂ ਲਈ ਕੀਤੇ ਕੰਮਾਂ ’ਤੇ ਵੀ ਕਮਲਨਾਥ ਦਾ ਧਨਵਾਦ ਪ੍ਰਗਟਾਇਆ। ਕਮਲਨਾਥ ਨੇ ਸਿੱਖਾਂ ਨੂੰ ਭਰੋਸਾ ਦਿਤਾ ਕਿ ਕਾਂਗਰਸ ਸਰਕਾਰ ਆਉਣ ’ਤੇ ਸੂਬੇ ਦੇ ਵੱਖੋ-ਵੱਖ ਗੁਰਦਵਾਰਿਆਂ ਨੂੰ ਦਿਤੀ ਗ੍ਰਾਂਟ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ।