ਭਾਰਤ-ਚੀਨ ਸਰਹੱਦ ’ਤੇ ਸਥਿਤੀ ’ਤੇ ਦੇਸ਼ ਨੂੰ ਭਰੋਸੇ ’ਚ ਲਿਆ ਜਾਣਾ ਚਾਹੀਦਾ ਹੈ: ਖੜਗੇ
ਸੈਟੇਲਾਈਟ ਤਸਵੀਰਾਂ ਵਾਲੀ ਇਕ ਰੀਪੋਰਟ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਚੀਨੀ ਫੌਜ ਪੂਰਬੀ ਲੱਦਾਖ ’ਚ ਪੈਂਗੋਂਗ ਝੀਲ ਦੇ ਆਸ-ਪਾਸ ਲੰਮੇ ਸਮੇਂ ਤੋਂ ਖੁਦਾਈ ਕਰ ਰਹੀ ਹੈ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਅਪਣੀ ਪਾਰਟੀ ਦੀ ਮੰਗ ਦੁਹਰਾਈ ਕਿ ਕੇਂਦਰ ਸਰਕਾਰ ਨੂੰ ਚੀਨ ਨਾਲ ਲਗਦੀ ਸਰਹੱਦ ’ਤੇ ਸਥਿਤੀ ਨੂੰ ਲੈ ਕੇ ਦੇਸ਼ ਨੂੰ ਭਰੋਸੇ ’ਚ ਲੈਣਾ ਚਾਹੀਦਾ ਹੈ।
ਖੜਗੇ ਨੇ ਸੈਟੇਲਾਈਟ ਤਸਵੀਰਾਂ ਦਾ ਹਵਾਲਾ ਦਿੰਦੇ ਹੋਏ ਐਕਸ ’ਤੇ ਇਕ ਰੀਪੋਰਟ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਚੀਨੀ ਫੌਜ ਪੂਰਬੀ ਲੱਦਾਖ ’ਚ ਪੈਂਗੋਂਗ ਝੀਲ ਦੇ ਆਸ-ਪਾਸ ਲੰਮੇ ਸਮੇਂ ਤੋਂ ਖੁਦਾਈ ਕਰ ਰਹੀ ਹੈ ਅਤੇ ਖੇਤਰ ਦੇ ਇਕ ਮਹੱਤਵਪੂਰਨ ਬੇਸ ’ਤੇ ਹਥਿਆਰਾਂ ਅਤੇ ਬਾਲਣ ਨੂੰ ਸਟੋਰ ਕਰਨ ਲਈ ਬਖਤਰਬੰਦ ਗੱਡੀਆਂ ਲਈ ਭੂਮੀਗਤ ਬੰਕਰ ਅਤੇ ਸ਼ੈਲਟਰ ਦਾ ਨਿਰਮਾਣ ਕੀਤਾ ਹੈ।
ਉਨ੍ਹਾਂ ਕਿਹਾ ਕਿ ਚੀਨ ਮਈ 2020 ਤਕ ਭਾਰਤ ਦੇ ਕਬਜ਼ੇ ਵਾਲੀ ਜ਼ਮੀਨ ’ਤੇ ਪੈਂਗੋਂਗ ਤਸੋ ਨੇੜੇ ਫੌਜੀ ਅੱਡਾ ਕਿਵੇਂ ਬਣਾ ਸਕਦਾ ਹੈ? ’’ ਖੜਗੇ ਦੀ ਪੋਸਟ ’ਤੇ ਭਾਜਪਾ ਜਾਂ ਕੇਂਦਰ ਸਰਕਾਰ ਵਲੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਪਰ ਸੱਤਾਧਾਰੀ ਪਾਰਟੀ ਅਤੇ ਸਰਕਾਰ ਪਹਿਲਾਂ ਵੀ ਇਸ ਮੁੱਦੇ ’ਤੇ ਕਾਂਗਰਸ ਦੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਚੁਕੀ ਹੈ।
ਭਾਰਤ ਨੇ ਚੀਨ ਨਾਲ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਲਈ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਲਗਦੇ ਬਾਕੀ ਇਲਾਕਿਆਂ ਤੋਂ ਫੌਜੀਆਂ ਨੂੰ ਪੂਰੀ ਤਰ੍ਹਾਂ ਪਿੱਛੇ ਹਟਾਉਣ ਦੀ ਮਹੱਤਤਾ ’ਤੇ ਜ਼ੋਰ ਦਿਤਾ ਹੈ। ਉਨ੍ਹਾਂ ਕਿਹਾ ਕਿ ਗਲਵਾਨ ਘਾਟੀ ਕਾਂਡ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਲੀਨ ਚਿੱਟ ਦੇ ਪੰਜਵੇਂ ਸਾਲ ’ਚ ਦਾਖਲ ਹੋ ਰਹੇ ਹਾਂ, ਜਿੱਥੇ ਸਾਡੇ ਬਹਾਦਰ ਫ਼ੌਜੀਆਂ ਨੇ ਅਪਣੀਆਂ ਜਾਨਾਂ ਕੁਰਬਾਨ ਕਰ ਦਿਤੀ ਆਂ, ਚੀਨ ਸਾਡੀ ਖੇਤਰੀ ਅਖੰਡਤਾ ’ਤੇ ਲਗਾਤਾਰ ਕਬਜ਼ਾ ਕਰ ਰਿਹਾ ਹੈ।
ਉਨ੍ਹਾਂ ਕਿਹਾ, ‘‘10 ਅਪ੍ਰੈਲ 2024 ਦਾ ਉਹ ਦਿਨ ਯਾਦ ਕਰੋ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਪ੍ਰੈਸ ਨੂੰ ਦਿਤੇ ਇੰਟਰਵਿਊ ’ਚ ਵਿਸ਼ਵ ਮੰਚ ’ਤੇ ਭਾਰਤ ਦਾ ਪੱਖ ਮਜ਼ਬੂਤੀ ਨਾਲ ਰੱਖਣ ’ਚ ਅਸਫਲ ਰਹੇ ਸਨ। ਖੜਗੇ ਨੇ ਕਿਹਾ ਕਿ ਵਿਦੇਸ਼ ਮੰਤਰੀ ਦਾ 13 ਅਪ੍ਰੈਲ 2024 ਦਾ ਬਿਆਨ ਕਿ ‘ਚੀਨ ਨੇ ਸਾਡੀ ਕਿਸੇ ਵੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਹੈ‘ ਚੀਨ ਪ੍ਰਤੀ ਮੋਦੀ ਸਰਕਾਰ ਦੀ ਨਰਮ ਨੀਤੀ ਦਾ ਪਰਦਾਫਾਸ਼ ਕਰਦਾ ਹੈ।’’
ਉਨ੍ਹਾਂ ਨੇ ‘ਐਕਸ‘ ’ਤੇ ਕਿਹਾ ਕਿ 4 ਜੁਲਾਈ, 2024 ਨੂੰ ਅਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ, ‘‘ਐਲਏਸੀ ਦਾ ਸਨਮਾਨ ਕਰਨਾ ਅਤੇ ਸਰਹੱਦੀ ਖੇਤਰਾਂ ’ਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ’’ ਖੜਗੇ ਨੇ ਕਿਹਾ ਕਿ ਚੀਨ ਹਮਲਾਵਰ ਤਰੀਕੇ ਨਾਲ ਭਾਰਤੀ ਖੇਤਰ ’ਤੇ ਕਬਜ਼ਾ ਕਰਨ ਅਤੇ ਸਿਰੀਜਾਪ ’ਚ ਫੌਜੀ ਅੱਡਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਜ਼ਮੀਨ ਕਥਿਤ ਤੌਰ ’ਤੇ ਭਾਰਤੀ ਕੰਟਰੋਲ ’ਚ ਸੀ।
ਉਨ੍ਹਾਂ ਦੋਸ਼ ਲਾਇਆ ਕਿ ਅਸਲ ਕੰਟਰੋਲ ਰੇਖਾ ’ਤੇ ਜਿਉਂ ਦੀ ਤਿਉਂ ਸਥਿਤੀ ਨਾ ਬਣਾਈ ਰੱਖਣ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਰਤ ਨੇ 65 ਵਿਚੋਂ 26 ਗਸ਼ਤ ਪੁਆਇੰਟਾਂ (ਪੀਪੀ) ’ਤੇ ਕੰਟਰੋਲ ਗੁਆ ਦਿਤਾ ਹੈ, ਜਿਸ ਵਿਚ ਦੇਪਸਾਂਗ, ਡੇਮਚੋਕ ਅਤੇ ਗੋਗਰਾ ਹੌਟ ਸਪਰਿੰਗ ਖੇਤਰ ਦੇ ਮੈਦਾਨੀ ਇਲਾਕੇ ਵੀ ਸ਼ਾਮਲ ਹਨ।
ਖੜਗੇ ਨੇ ਦੋਸ਼ ਲਾਇਆ ਕਿ ਮੋਦੀ ਖੰਡ ਦੀ ਗਰੰਟੀ ਜਾਰੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਅਪਣੀ ਲਾਲ ਅੱਖ ’ਤੇ 56 ਇੰਚ ਦਾ ‘ਖੰਡ ਬਲਿੰਕਰ‘ ਲਗਾ ਦਿਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਵਾਰ ਫਿਰ ਐਲਏਸੀ ’ਤੇ ਸਰਹੱਦੀ ਸਥਿਤੀ ’ਤੇ ਦੇਸ਼ ਨੂੰ ਭਰੋਸੇ ’ਚ ਲੈਣ ਦੀ ਅਪਣੀ ਮੰਗ ਦੁਹਰਾਉਂਦੀ ਹੈ। ਅਸੀਂ ਅਪਣੇ ਬਹਾਦਰ ਫ਼ੌਜੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ’’
ਪੂਰਬੀ ਲੱਦਾਖ ’ਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਮਈ 2020 ਤੋਂ ਤਣਾਅ ਜਾਰੀ ਹੈ ਅਤੇ ਸਰਹੱਦੀ ਵਿਵਾਦ ਦਾ ਅਜੇ ਤਕ ਪੂਰਾ ਹੱਲ ਨਹੀਂ ਨਿਕਲ ਸਕਿਆ ਹੈ, ਹਾਲਾਂਕਿ ਦੋਹਾਂ ਦੇਸ਼ਾਂ ਦੇ ਫੌਜੀ ਕਈ ਬਿੰਦੂਆਂ ਤੋਂ ਪਿੱਛੇ ਹਟ ਗਏ ਹਨ। ਜੂਨ 2020 ’ਚ ਗਲਵਾਨ ਘਾਟੀ ’ਚ ਹੋਈ ਭਿਆਨਕ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਖਰਾਬ ਹੋ ਗਏ ਹਨ। ਇਹ ਕਈ ਦਹਾਕਿਆਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਸੱਭ ਤੋਂ ਗੰਭੀਰ ਫੌਜੀ ਟਕਰਾਅ ਸੀ।
ਭਾਰਤ ਦਾ ਕਹਿਣਾ ਹੈ ਕਿ ਜਦੋਂ ਤਕ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਬਹਾਲ ਨਹੀਂ ਹੁੰਦੀ, ਉਦੋਂ ਤਕ ਚੀਨ ਨਾਲ ਉਸ ਦੇ ਸਬੰਧ ਆਮ ਨਹੀਂ ਹੋ ਸਕਦੇ। ਦੋਹਾਂ ਧਿਰਾਂ ਵਿਚਾਲੇ ਹੁਣ ਤਕ ਕੋਰ ਕਮਾਂਡਰ ਪੱਧਰ ਦੀ 21 ਦੌਰ ਦੀ ਗੱਲਬਾਤ ਹੋ ਚੁਕੀ ਹੈ।