Mumbai Hit-and-Run Case : ਮੁੰਬਈ 'ਚ BMW ਨੇ ਬਾਈਕ ਸਵਾਰ ਜੋੜੇ ਨੂੰ ਮਾਰੀ ਟੱਕਰ, ਮਹਿਲਾ ਨੂੰ 100 ਮੀਟਰ ਤੱਕ ਘਸੀਟਿਆ, ਹੋਈ ਮੌਤ
ਸ਼ਿਵ ਸੈਨਾ ਨੇਤਾ ਦਾ ਬੇਟਾ ਚਲਾ ਰਿਹਾ ਸੀ ਗੱਡੀ , ਘਟਨਾ ਤੋਂ ਬਾਅਦ ਹੋਇਆ ਫਰਾਰ
Mumbai Hit-and-Run Case : ਮਹਾਰਾਸ਼ਟਰ ਦੇ ਪੁਣੇ 'ਚ ਚਰਚਿਤ ਪੋਰਸ਼ ਐਕਸੀਡੈਂਟ ਮਾਮਲੇ ਤੋਂ ਬਾਅਦ ਹੁਣ ਮੁੰਬਈ 'ਚ ਹਿੱਟ ਐਂਡ ਰਨ ਦੀ ਘਟਨਾ ਸਾਹਮਣੇ ਆਈ ਹੈ। ਐਤਵਾਰ ਨੂੰ ਮੁੰਬਈ ਦੇ ਵਰਲੀ ਵਿੱਚ ਇੱਕ ਤੇਜ਼ ਰਫ਼ਤਾਰ BMW ਨੇ ਇੱਕ ਬਾਈਕ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਮੌਕੇ ਤੋਂ ਭੱਜਦੇ ਹੋਏ ਮੁਲਜ਼ਮ ਨੇ 45 ਸਾਲਾ ਔਰਤ ਨੂੰ ਕਾਰ ਰਾਹੀਂ 100 ਮੀਟਰ ਤੱਕ ਘਸੀਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦਾ ਪਤੀ ਜ਼ਖਮੀ ਹੈ।
ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਸ ਮਾਮਲੇ 'ਚ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲਿਸ ਸੂਤਰਾਂ ਅਨੁਸਾਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪਾਰਟੀ ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਦਾ 24 ਸਾਲਾ ਪੁੱਤਰ ਮਿਹਰ ਸ਼ਾਹ ਕਾਰ ਚਲਾ ਰਿਹਾ ਸੀ। ਡਰਾਈਵਰ ਵੀ ਉਸ ਦੇ ਨਾਲ ਸੀ। ਮਿਹਰ ਘਟਨਾ ਦੇ ਬਾਅਦ ਤੋਂ ਫਰਾਰ ਹੈ। ਪੁਲੀਸ ਨੇ ਰਾਜੇਸ਼ ਸ਼ਾਹ ਅਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਔਰਤ ਦੀ ਪਛਾਣ ਕਾਵੇਰੀ ਨਖਵਾ (45) ਵਾਸੀ ਵਰਲੀ ਕੋਲੀਵਾੜਾ ਵਜੋਂ ਹੋਈ ਹੈ। ਉਹ ਆਪਣੇ ਪਤੀ ਨਾਲ ਸੈਸੂਨ ਡੌਕ ਤੋਂ ਮੱਛੀ ਖਰੀਦ ਕੇ ਵਾਪਸ ਆ ਰਹੀ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਕਾਰ ਨੇ ਜੋੜੇ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ। ਉਹ ਕਾਰ ਦੇ ਬੋਨਟ 'ਤੇ ਡਿੱਗ ਗਏ।
ਪਤੀ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਤੁਰੰਤ ਬੋਨਟ ਤੋਂ ਛਾਲ ਮਾਰ ਦਿੱਤੀ ਪਰ ਪਤਨੀ ਉੱਠ ਨਹੀਂ ਸਕੀ। ਘਬਰਾਹਟ 'ਚ ਕਾਰ ਚਾਲਕ ਨੇ ਕਾਰ ਭਜਾ ਦਿੱਤੀ ਅਤੇ ਕਾਵੇਰੀ ਨੂੰ ਬੋਨਟ 'ਤੇ ਕਰੀਬ 100 ਮੀਟਰ ਤੱਕ ਘਸੀਟਿਆ ਅਤੇ ਫਿਰ ਸੜਕ 'ਤੇ ਡਿੱਗ ਗਈ। ਸਥਾਨਕ ਲੋਕ ਉਸ ਨੂੰ ਨਾਇਰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਵਿੱਚ ਜ਼ਖਮੀ ਪਤੀ ਦਾ ਇਲਾਜ ਚੱਲ ਰਿਹਾ ਹੈ।
ਇਸ ਹਾਦਸੇ ਤੋਂ ਬਾਅਦ ਵਰਲੀ ਪੁਲਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ, ਜਿਸ ਤੋਂ ਪਤਾ ਲੱਗਾ ਕਿ ਕਾਰ ਸ਼ਿਵ ਸੈਨਾ ਨੇਤਾ ਰਾਜੇਸ਼ ਸ਼ਾਹ ਦੀ ਹੈ। ਰਾਜੇਸ਼ ਸ਼ਾਹ ਪਾਲਘਰ ਵਿੱਚ ਸੱਤਾਧਾਰੀ ਸ਼ਿਵ ਸੈਨਾ (ਸ਼ਿੰਦੇ ਧੜੇ) ਦੇ ਉਪ ਨੇਤਾ ਹਨ।
ਵਰਲੀ ਪੁਲਿਸ ਨੇ ਹਿੱਟ ਐਂਡ ਰਨ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਇੱਕ ਚਿੱਟੇ ਰੰਗ ਦੀ BMW ਕਾਰ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਜਾਂਚ ਵਿੱਚ ਸਬੂਤ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਖੁਲਾਸਾ ਹੋਇਆ ਹੈ। ਕਾਰ ਦੀ ਵਿੰਡਸ਼ੀਲਡ 'ਤੇ ਸ਼ਿਵ ਸੈਨਾ ਦਾ ਸਟਿੱਕਰ ਲੱਗਾ ਹੋਇਆ ਸੀ।
ਘਟਨਾ ਤੋਂ ਬਾਅਦ ਸਟਿੱਕਰ ਨੂੰ ਖੁਰਚ ਕੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਗੱਡੀ ਦਾ ਪਾਰਟੀ ਨਾਲ ਸਬੰਧ ਛੁਪਾਇਆ ਜਾ ਸਕੇ। ਕਾਰ ਦੀ ਇੱਕ ਨੰਬਰ ਪਲੇਟ ਵੀ ਹਟਾ ਦਿੱਤੀ ਗਈ ਸੀ ਪਰ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ, ਜਿਸ ਕਾਰਨ ਕਾਰ ਮਾਲਕ ਦੀ ਪਛਾਣ ਹੋ ਗਈ।