ਜਨਤਕ ਖੇਤਰ ਦੀ ਕੰਪਨੀ ਨੇ ਸਰਕਾਰ ਨੂੰ 52 ਰੁਪਏ ਦੀਆਂ ਮੱਛਰਦਾਨੀਆਂ 237 ਰੁਪਏ ’ਚ ਵੇਚੀਆਂ : CBI

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੂੰ ਕਥਿਤ ਮੱਛਰਦਾਨੀ ਸਪਲਾਈ ਘਪਲੇ ਕਾਰਨ ਹੋਇਆ 6.63 ਕਰੋੜ ਰੁਪਏ ਦਾ ਨੁਕਸਾਨ

CBI

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਹਿੰਦੁਸਤਾਨ ਇਨਸੈਕਟੀਸਾਈਡਜ਼ ਲਿਮਟਿਡ (ਐਚ.ਆਈ.ਐਲ.) ਨਾਲ ਜੁੜੇ 6.63 ਕਰੋੜ ਰੁਪਏ ਦੇ ਘਪਲੇ ਵਿਚ ਐਫ.ਆਈ.ਆਰ. ਦਰਜ ਕੀਤੀ ਹੈ। ਐਚ.ਆਈ.ਐਲ. ’ਤੇ ਦੋਸ਼ ਹੈ ਕਿ ਉਸ ਨੇ ਕੇਂਦਰੀ ਮੈਡੀਕਲ ਸੇਵਾਵਾਂ ਸੁਸਾਇਟੀ (ਸੀ.ਐਮ.ਐਸ.ਐਸ.) ਨੂੰ ਕੀਟਨਾਸ਼ਕ ਵਾਲੀਆਂ ਮੱਛਰਦਾਨੀਆਂ ਦੀ ਸਪਲਾਈ ਕਰਦੇ ਸਮੇਂ ਕੀਮਤਾਂ ਵਿਚ ਕਥਿਤ ਤੌਰ ਉਤੇ  ਕਈ ਗੁਣਾ ਵਾਧਾ ਕਰ ਦਿਤਾ। ਨਿਰਮਾਣ ਸਮਰੱਥਾ ਨਾ ਹੋਣ ਦੇ ਬਾਵਜੂਦ, ਐਚ.ਆਈ.ਐਲ. ਨੂੰ 2021-22 ਵਿਚ ਸਰਕਾਰੀ ਈ-ਮਾਰਕੀਟਪਲੇਸ (ਜੀ.ਈ.ਐਮ.) ਰਾਹੀਂ 29 ਕਰੋੜ ਰੁਪਏ ਦਾ ਠੇਕਾ ਦਿਤਾ ਗਿਆ ਸੀ ਜਿਸ ਨੇ ਪ੍ਰਤੀ ਮੱਛਰਦਾਨੀ ਦੀ ਕੀਮਤ 228-237 ਰੁਪਏ ਦਿਤੀ ਸੀ।

ਐਫ਼.ਆਈ.ਆਰ. ਅਨੁਸਾਰ ਸੱਭ ਤੋਂ ਘੱਟ ਬੋਲੀ ਲਗਾਉਣ ਵਾਲੀ ਕੰਪਨੀ ਸ਼ੋਬੀਕਾ ਇੰਪੈਕਸ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਐਫ.ਆਈ.ਆਰ. ਵਿਚ ਦੋਸ਼ ਲਾਇਆ ਗਿਆ ਹੈ ਕਿ ਐਚ.ਆਈ.ਐਲ. ਨੇ ਮੱਛਰਦਾਨੀਆਂ ਬਣਾਉਣ ਦਾ ਕੰਮ ਵਿਚੋਲਿਆਂ ਦੀ ਲੜੀ - ਮਹਿੰਦਰ ਕੌਰ ਨਿਟਿੰਗ ਲਿਮ. (ਬਿਨਾਂ ਨਿਰਮਾਣ ਸਮਰੱਥਾ ਦੇ), ਵੀ.ਕੇ.ਏ. ਪੌਲੀਮਰਜ਼ ਅਤੇ ਜੇ.ਪੀ. ਪੌਲੀਮਰਜ਼ ਨੂੰ ਦੇ ਦਿਤਾ, ਜਿੱਥੇ ਮੱਛਰਦਾਨੀ ਦੀ ਸ਼ੁਰੂਆਤੀ ਕੀਮਤ 49-52 ਰੁਪਏ ਸੀ। ਜਦੋਂ ਤਕ  ਉਹ ਐਚ.ਆਈ.ਐਲ. ਪਹੁੰਚੀ, ਲਾਗਤ ਵਧ ਕੇ 87-90 ਰੁਪਏ ਹੋ ਗਈ। ਇਸ ਮਗਰੋਂ ਐਚ.ਆਈ.ਐਲ. ਨੇ ਵਧੀਆਂ ਦਰਾਂ ’ਤੇ ਮੱਛਰਦਾਨੀਆਂ ਸਪਲਾਈ ਕੀਤੀਆਂ। ਸੀ.ਬੀ.ਆਈ. ਨੇ ਬਲਵਿੰਦਰ ਸਿੰਘ ਟੰਡਨ, ਆਨੰਦ ਸਮੀਅੱਪਨ ਅਤੇ ਐਮ. ਸ਼ਕਤੀਵੇਲ ਸਮੇਤ ਪ੍ਰਮੁੱਖ ਵਿਅਕਤੀਆਂ ਦੇ ਨਾਲ-ਨਾਲ ਐਚ.ਆਈ.ਐਲ. ਅਤੇ ਸੀ.ਐਮ.ਐਸ.ਐਸ. ਦੇ ਅਣਪਛਾਤੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਹੈ।