ਸ਼ਿਵਾਜੀ ਸਟੇਡੀਅਮ ਮੈਟਰੋ ਸਟੇਸ਼ਨ ਦਾ ਨਾਂਅ ਬਦਲ ਕੇ ਗੁਰਦਵਾਰਾ ਬੰਗਲਾ ਸਾਹਿਬ ਸਟੇਸ਼ਨ ਰੱਖਣ ਦੀ ਮੰਗ
ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਨੇੜਲੇ ਮੈਟਰੋ ਸਟੇਸ਼ਨ ਦਾ ਨਾਂਅ ਬਦਲ ਕੇ, ਗੁਰਦਵਾਰਾ ਬੰਗਲਾ ਸਾਹਿਬ ਮੈਟਰੋ ਸਟੇਸ਼ਨ ਰੱਖਣ ਦੀ ਮੰਗ ਸ਼ੁਰੂ ਹੋ ਗਈ ਹੈ..............
ਨਵੀਂ ਦਿੱਲੀ : ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਨੇੜਲੇ ਮੈਟਰੋ ਸਟੇਸ਼ਨ ਦਾ ਨਾਂਅ ਬਦਲ ਕੇ, ਗੁਰਦਵਾਰਾ ਬੰਗਲਾ ਸਾਹਿਬ ਮੈਟਰੋ ਸਟੇਸ਼ਨ ਰੱਖਣ ਦੀ ਮੰਗ ਸ਼ੁਰੂ ਹੋ ਗਈ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜਨਮ ਦਿਹਾੜੇ ਮੌਕੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਸ.ਗੁਰਮੀਤ ਸਿੰਘ ਸ਼ੰਟੀ ਨੇ ਕੇਂਦਰੀ ਸ਼ਹਿਰੀ ਮੰਤਰੀ ਸ.ਹਰਦੀਪ ਸਿੰਘ ਪੁਰੀ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ, ਕਿਹਾ ਹੈ
ਕਿ 'ਸ਼ਿਵਾਜੀ ਸਟੇਡੀਅਮ ਮੈਟਰੋ ਸਟੇਸ਼ਨ', ਜੋ ਕਿ ਗੁਰਦਵਾਰਾ ਸਾਹਿਬ ਤੋਂ ਸੋ ਮੀਟਰ ਤੋਂ ਵੀ ਘੱਟ ਦੂਰੀ 'ਤੇ ਬਣਿਆ ਹੋਇਆ ਹੈ ਦਾ ਨਾਂਅ ਬਦਲ ਕੇ, 'ਗੁਰਦਵਾਰਾ ਬੰਗਲਾ ਸਾਹਿਬ ਮੈਟਰੋ ਸਟੇਸ਼ਨ' ਰੱਖਿਆ ਜਾਵੇ, ਕਿਉਂਕਿ ਇਥੋਂ ਪੰਜ ਸੋ ਮੀਟਰ ਦੀ ਦੂਰੀ 'ਤੇ ਪਹਿਲਾਂ ਤੋਂ ਹੀ ਬਾਬਾ ਖੜਗ਼ ਸਿੰਘ ਮਾਰਗ 'ਤੇ ਬਣੇ ਹੋਏ ਵੱਖ-ਵੱਖ ਇਮਪੋਰੀਅਮਾਂ ਪਿਛੇ 'ਸ਼ਿਵਾਜੀ ਸਟੇਡੀਅਮ ਬੱਸ ਟਰਮੀਨਲ' ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ, ਅੰਮ੍ਰਿਤਸਰ ਪਿਛੋਂ ਦਿੱਲੀ ਦਾ ਗੁਰਦਵਾਰਾ ਬੰਗਲਾ ਸਾਹਿਬ ਹੀ ਹੈ,
ਜਿਥੇ ਰੋਜ਼ਾਨਾ ਭਾਰੀ ਤਾਦਾਦ ਵਿਚ ਸਿੱਖਾਂ ਸਣੇ ਹੋਰਨਾਂ ਧਰਮਾਂ ਦੇ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ ਤੇ ਇਸ ਪਾਵਨ ਥਾਂ 'ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਚੇਚਕ ਦੇ ਰੋਗੀਆਂ ਦੀ ਸੇਵਾ ਕਰਦੇ ਹੋਏ ਆਪਣੇ ਸਵਾਸ ਤਿਆਗੇ ਸਨ। ਸਿੱਖਾਂ ਤੇ ਦਿੱਲੀ ਦੇ ਲੋਕਾਂ ਦੇ ਜਜ਼ਬਾਤ ਨੂੰ ਵੇਖਦੇ ਹੋਏ ਇਸ ਸਟੇਸ਼ਨ ਦਾ ਗੁਰਦਵਾਰਾ ਬੰਗਲਾ ਸਾਹਿਬ ਦੇ ਨਾਂਅ 'ਤੇ ਰੱਖਿਆ ਜਾਵੇ, ਜੋ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।