ਦੇਵਰੀਆ ਦੇ ਸ਼ੈਲਟਰ ਹੋਮ 'ਚੋਂ 24 ਕੁੜੀਆਂ ਛੁਡਾਈਆਂ, 18 ਗ਼ਾਇਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਦੇਵਰੀਆ ਦੇ ਨਾਰੀ ਹਿਫ਼ਾਜ਼ਤ ਘਰ (ਸ਼ੈਲਟਰ ਹੋਮ) ਵਿਚ ਕੁੜੀਆਂ ਨਾਲ ਜਿਸਮਾਨੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ.................

During the investigation the police officer

ਦੇਵਰੀਆ : ਉੱਤਰ ਪ੍ਰਦੇਸ਼ ਦੇ ਦੇਵਰੀਆ ਦੇ ਨਾਰੀ ਹਿਫ਼ਾਜ਼ਤ ਘਰ (ਸ਼ੈਲਟਰ ਹੋਮ) ਵਿਚ ਕੁੜੀਆਂ ਨਾਲ ਜਿਸਮਾਨੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ੈਲਟਰ ਹੋਮ ਵਿਚੋਂ 24 ਕੁੜੀਆਂ ਨੂੰ ਛੁਡਾ ਲਿਆ ਹੈ ਅਤੇ 18 ਕੁੜੀਆਂ ਹਾਲੇ ਵੀ ਗ਼ਾਇਬ ਹਨ। ਪੁਲਿਸ ਨੇ ਦਸਿਆ ਕਿ ਸ਼ੈਲਟਰ ਹੋਮ ਚਲਾਉਣ ਵਾਲੀ ਗਿਰਜਾ ਤ੍ਰਿਪਾਠੀ, ਉਸ ਦੇ ਪਤੀ ਮੋਹਨ ਤ੍ਰਿਪਾਠੀ ਅਤੇ ਸੁਪਰਡੈਂਟ ਕੰਚਨਲਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਬਿਹਾਰ ਦੇ ਮੁਜ਼ੱਫ਼ਰਪੁਰ ਵਿਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿਥੋਂ ਦੇ ਸਰਕਾਰੀ ਸ਼ੈਲਟਰ ਹੋਮ ਵਿਚੋਂ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਕੁੜੀਆਂ ਨੂੰ ਬਚਾਇਆ ਗਿਆ ਸੀ।

ਦੇਵਰੀਆ ਤੋਂ ਕਲ 24 ਕੁੜੀਆਂ ਨੂੰ ਬਚਾਇਆ ਗਿਆ ਜਦਕਿ 18 ਕੁੜੀਆਂ ਹਾਲੇ ਗ਼ਾਇਬ ਹਨ।  ਇਸੇ ਦੌਰਾਨ ਡੀਐਮ ਸਮੇਤ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਇਸ ਮਾਮਲੇ 'ਚ ਕੁਲ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯੂਪੀ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਰੀਤਾ ਬਹੁਗੁਣਾ ਨੇ ਕਿਹਾ, 'ਗ਼ੈਰ-ਸਰਕਾਰੀ ਸੰਸਥਾ ਦੀ ਮਾਨਤਾ ਇਕ ਸਾਲ ਪਹਿਲਾਂ ਰੱਦ ਕਰ ਦਿਤੀ ਗਈ ਸੀ ਅਤੇ ਫ਼ੰਡ ਰੋਕ ਦਿਤੇ ਗਏ ਸਨ। ਅਸੀਂ ਜਾਂਚ ਕਰਾਂਗੇ ਕਿ ਇਹ ਸੰਸਥਾ ਹਾਲੇ ਵੀ ਕਿਵੇਂ ਚੱਲ ਰਹੀ ਸੀ।' ਮਾਮਲਾ ਉਦੋਂ ਸਾਹਮਣੇ ਆਇਆ ਜਦ 10 ਸਾਲਾ ਬੱਚੀ ਸ਼ੈਲਟਰ ਹੋਮ ਵਿਚੋਂ ਦੌੜ ਗਈ ਅਤੇ ਥਾਣੇ ਪਹੁੰਚ ਗਈ।

ਉਸ ਨੇ ਪੁਲਿਸ ਅਧਿਕਾਰੀਆਂ ਨੂੰ ਉਥੇ ਰਹਿੰਦੀਆਂ ਕੁੜੀਆਂ ਦੀ ਮਾੜੀ ਹਾਲਤ ਬਾਰੇ ਦਸਿਆ। ਕਿਹਾ ਗਿਆ ਹੈ ਕਿ ਇਥੇ 42 ਲੜਕੀਆਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਰਖਿਆ ਗਿਆ ਸੀ। ਮਾਮਲੇ ਦਾ ਪਰਦਾਫਾਸ਼ ਉਸ ਸਮੇਂ  ਹੋਇਆ ਜਦ ਇਥੋਂ ਇਕ ਬੱਚੀ ਭੱਜ ਕੇ ਪੁਲਿਸ ਥਾਣੇ ਪਹੁੰਚੀ ਅਤੇ ਸਾਰੀ ਗੱਲ ਦੱਸੀ। ਪੁਲਿਸ ਨੇ ਕਲ ਰਾਤ ਹੀ ਹਿਫ਼ਾਜ਼ਤ ਘਰ ਵਿਚ ਛਾਪਾ ਮਾਰਿਆ। ਪੁਲਿਸ ਨੂੰ ਰਜਿਸਟਰ ਵਿਚ 42 ਲੜਕੀਆਂ  ਦੇ ਨਾਮ ਮਿਲੇ ਪਰ ਛਾਪੇ ਦੌਰਾਨ 18 ਲੜਕੀਆਂ ਗ਼ਾਇਬ ਮਿਲੀਆਂ।

ਹਿਫ਼ਾਜ਼ਤ ਘਰ ਦੇ ਮਾਲਕਾਂ ਵਿਰੁਧ ਮਨੁੱਖ ਤਸਕਰੀ, ਦੇਹ ਵਪਾਰ ਅਤੇ ਬਾਲ ਮਜ਼ਦੂਰੀ ਨਾਲ ਜੁੜੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਸਾਰੀਆਂ ਲੜਕੀਆਂ ਦਾ ਮੈਡੀਕਲ ਟੈਸਟ ਕਰਾਇਆ ਗਿਆ ਅਤੇ ਬਿਆਨ ਦਰਜ ਕੀਤੇ ਜਾ ਰਹੇ ਹਨ। ਗ਼ਾਇਬ 18  ਲੜਕੀਆਂ  ਦੀ ਬਰਾਮਦਗੀ ਲਈ ਟੀਮਾਂ ਬਣਾ ਕੇ ਤਲਾਸ਼ ਸ਼ੁਰੂ ਕਰ ਦਿਤੀ ਗਈ ਹੈ। (ਏਜੰਸੀ)