ਅੱਗੇ ਵੱਡਾ ਤੂਫ਼ਾਨ ਆਉਣ ਵਾਲਾ ਹੈ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਂ ਪੱਖੀ ਏਜੰਡੇ ਨਾਲ ਬਿਹਾਰ ਚੋਣਾਂ ਵਿਚ ਉਤਰਾਂਗੇ

Rahul Gandhi

ਨਵੀਂ ਦਿੱਲੀ, 6 ਅਗੱਸਤ : ਕੋਰੋਨਾ ਵਾਇਰਸ ਮਹਾਂਮਾਰੀ ਅਤੇ ਅਰਥਚਾਰੇ ਦੀ ਹਾਲਤ ਤੋਂ ਲੈ ਕੇ ਕੁੱਝ ਮਹੀਨੇ ਪਹਿਲਾਂ ਸਰਕਾਰ ਨੂੰ ਚੌਕਸ ਕਰਨ ਵਾਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿਹੜਾ ਤੂਫ਼ਾਨ ਹਾਲੇ ਦਿਸ ਰਿਹਾ ਹੈ, ਉਸ ਤੋਂ ਕਿਤੇ ਵੱਡਾ ਤੂਫ਼ਾਨ ਅੱਗੇ ਆਉਣ ਵਾਲਾ ਹੈ। ਪਾਰਟੀ ਦੀ ਬਿਹਾਰ ਇਕਾਈ ਦੇ ਸੀਨੀਅਰ ਆਗੂਆਂ ਅਤੇ ਸੂਬਾਈ, ਜ਼ਿਲ੍ਹਾ ਤੇ ਬਲਾਕ ਪੱਧਰ ਦੇ ਅਹੁਦੇਦਾਰਾਂ ਨੂੰ ਵੀਡੀਉ ਕਾਨਫ਼ਰੰਸ ਜ਼ਰੀਏ ਸੰਬੋਧਤ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਨਿਸ਼ਾਨਾ ਬਣਾਇਆ।

ਸੂਤਰਾਂ ਮੁਤਾਬਕ ਬੈਠਕ ਵਿਚ ਰਾਹੁਲ ਨੇ ਕਿਹਾ ਕਿ ਬਿਹਾਰ ਵਿਚ ਸਾਰੀਆਂ ਭਾਈਵਾਲ ਪਾਰਟੀਆਂ ਨਾਲ ਮਿਲ ਕੇ ਲੜਨਾ ਹੈ ਅਤੇ ਭਾਜਪਾ ਜੇਡਯੂ ਗਠਜੋੜ ਨੂੰ ਹਰਾਉਣਾ ਹੈ। ਰਾਹੁਲ ਨੇ ਕਿਹਾ ਕਿ ਉਹ ਹਾਂਪੱਖੀ ਏਜੰਡੇ ਨਾਲ ਬਿਹਾਰ ਚੋਣਾਂ ਵਿਚ ਉਤਰਨਗੇ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ ਇਸ ਡਿਜੀਟਲ ਰੈਲੀ ਵਿਚ ਕਾਂਗਰਸ ਦੇ 1000 ਤੋਂ ਵੱਧ ਪਾਰਟੀ ਅਹੁਦੇਦਾਰ ਸ਼ਾਮਲ ਹੋਏ। ਰਾਹੁਲ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਅਤੇ ਵਿਕਾਸ ਵਾਸਤੇ ਹਾਂਪੱਖੀ ਏਜੰਡੇ ਨਾਲ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਤਬਦੀਲੀ ਚਾਹੁੰਦੇ ਹਨ ਜਿਸ ਲਈ ਉਨ੍ਹਾਂ ਕੋਲ ਜਾਣਾ ਜ਼ਰੂਰੀ ਹੈ। ਕਾਂਗਰਸ ਆਗੂ ਨੇ ਕਿਹਾ, 'ਮੈਂ ਫ਼ਰਵਰੀ ਵਿਚ ਕੋਰੋਨਾ ਬਾਰੇ ਚੌਕਸ ਕੀਤਾ ਸੀ ਕਿ ਤੂਫ਼ਾਨ ਆਉਣ ਵਾਲਾ ਹੈ।

ਮੈਂ ਇਥੇ ਦੁਹਰਾਉਣਾ ਚਾਹੁੰਦਾ ਹਾਂ ਕਿ ਮੈਂ ਖ਼ੁਸ਼ੀ ਨਾਲ ਇਹ ਗੱਲ ਨਹੀਂ ਕਹੀ ਸੀ। ਚੀਨ ਨਾਲ ਚੱਲ ਰਹੇ ਝਗੜੇ ਦੇ ਮਾਮਲੇ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਅਤੇ ਦੋਸ਼ ਲਾਇਆ ਕਿ ਦੇਸ਼ ਦੀ ਸਰਹੱਦ ਦੀ ਰਾਖੀ ਕਰਦਿਆਂ ਬਿਹਾਰ ਦੇ ਰੈਂਜੀਮੈਂਟ ਨੇ ਚੀਨ ਨੂੰ ਕਰਾਰਾ ਜਵਾਬ ਦਿਤਾ ਪਰ ਪ੍ਰਧਾਨ ਮੰਤਰੀ ਫ਼ੌਜ ਨਾਲ ਖੜੇ ਨਹੀਂ ਹੋਏ ਅਤੇ ਚੀਨੀ ਘੁਸਪੈਠ ਤੋਂ ਹੀ ਇਨਕਾਰ ਕਰ ਦਿਤਾ। ਕਾਂਗਰਸ ਆਗੂ ਨੇ ਬਿਹਾਰ ਵਿਚ ਕੋਰੋਨਾ ਅਤੇ ਹੜ੍ਹਾਂ ਦੀ ਹਾਲਤ ਸਬੰਧੀ ਨਿਤੀਸ਼ ਕੁਮਾਰ ਨੂੰ ਨਿਸ਼ਾਨਾ ਬਣਾਇਆ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਮੁੱਦਿਆਂ ਅਤੇ ਭ੍ਰਿਸ਼ਟਾਚਾਰ ਸਬੰਧੀ ਨਿਤੀਸ਼ ਦੀ ਚੁਪ ਇਹ ਸਾਬਤ  ਕਰਦੀ ਹੈ ਕਿ ਮੁੱਖ ਮੰਤਰੀ ਨਿਸ਼ਚੇ ਹੀ ਨਾਕਾਮ ਰਹੇ ਹਨ।