ਮਿਹਨਤ ਨੂੰ ਸਲਾਮ! 30 ਸਾਲ ਤੱਕ ਮਿਹਨਤ ਕਰ ਕੇ ਪਹਾੜਾਂ ਤੋਂ ਬਣਾ ਦਿੱਤੀ ਮੀਲਾਂ ਦੂਰ ਦੀ ਸੜਕ
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪਹਾੜੀ ਜੰਗਲ ਤੋਂ ਸੜਕ ਬਣਾਉਣ ਦੀ ਮੰਗ ਕੀਤੀ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਸੀ।
ਨਯਾਗੜ੍ਹ- ਓਡੀਸ਼ਾ ਦੇ ਨਯਾਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਹਰਿਹਰ ਬੇਹਰਾ ਨੇ ਆਪਣੇ ਪਿੰਡ ਤੁਲੁਬੀ ਤੱਕ ਇਕ ਰਸਤਾ ਬਣਾਉਣ ਲਈ 3 ਕਿਲੋਮੀਟਰ ਪਹਾੜ ਕੱਟ ਦਿੱਤੇ। ਦਰਅਸਲ 30 ਸਾਲ ਪਹਿਲਾਂ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪਹਾੜੀ ਜੰਗਲ ਤੋਂ ਸੜਕ ਬਣਾਉਣ ਦੀ ਮੰਗ ਕੀਤੀ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਸੀ। ਸਾਬਕਾ ਮੰਤਰੀ ਨੇ ਕਿਹਾ ਕਿ ਇਹ ਅਸੰਭਵ ਹੈ। ਹਾਲਾਂਕਿ ਪ੍ਰਸ਼ਾਸਨ ਦੇ ਮਨ੍ਹਾ ਕਰਨ ਦੇ ਬਾਵਜੂਦ ਸੜਕ ਬਣੀ ਪਰ ਉਸ ਨੂੰ ਬਣਨ 'ਚ 30 ਸਾਲ ਦਾ ਸਮਾਂ ਲੱਗਾ।
ਦੱਸਣਯੋਗ ਹੈ ਕਿ ਜਦੋਂ ਹਰ ਪਾਸਿਓ ਨਿਰਾਸ਼ਾ ਹੱਥ ਲੱਗੀ ਤਾਂ ਹਰਿਹਰ ਅਤੇ ਉਨ੍ਹਾਂ ਦੇ ਭਰਾ ਕ੍ਰਿਸ਼ਨ ਨੂੰ ਲੱਗਾ ਕਿ ਜੇਕਰ ਉਨ੍ਹਾਂ ਨੂੰ ਸੜਕ ਦੀ ਜ਼ਰੂਰਤ ਹੈ ਤਾਂ ਖ਼ੁਦ ਬਣਾਉਣੀ ਹੋਵੇਗੀ। ਇਸ ਲਈ ਉਹ ਸੜਕ ਬਣਾਉਣ ਦੇ ਕੰਮ ‘ਤੇ ਲੱਗ ਗਏ। ਹਰਿਹਰ ਉਸ ਸਮੇਂ ਕਰੀਬ 26 ਸਾਲ ਦੇ ਸਨ। ਹਰਿਹਰ ਨੇ ਅਗਲੇ 30 ਸਾਲ ਆਪਣੇ ਭਰਾ ਨਾਲ ਆਪਣੇ ਖੇਤਾਂ 'ਚ ਕੰਮ ਕਰਨ ਤੋਂ ਬਾਅਦ, ਸੜਕ ਬਣਾਉਣ ਲਈ ਹਥੌੜੇ ਨਾਲ ਪਹਾੜੀਆਂ ਕੱਟਣ 'ਚ ਬਿਤਾਏ।
ਉਨ੍ਹਾਂ ਨੇ ਵੱਡੀਆਂ ਚੁਣੌਤੀਆਂ ਨੂੰ ਹਥੌੜੇ ਨਾਲ ਮਾਰਦੇ ਹੋਏ ਤੋੜਿਆ ਅਤੇ ਸੜਕ ਬਣਾ ਕੇ ਹੀ ਦਮ ਲਿਆ। ਹਾਲਾਂਕਿ ਇਸ ਵਿਚ ਹਰਿਹਰ ਦੇ ਭਰਾ ਦੀ ਮੌਤ ਹੋ ਗਈ।ਹਰਿਹਰ ਦਾ ਕਹਿਣਾ ਹੈ,''ਸਾਡੇ ਕੋਲ ਸ਼ਹਿਰ ਜਾਣ ਦਾ ਕੋਈ ਰਸਤਾ ਨਹੀਂ ਸੀ। ਰਿਸ਼ਤੇਦਾਰ ਸਾਡੇ ਪਿੰਡ ਆਉਂਦੇ-ਜਾਂਦੇ ਰਸਤੇ ਭੁੱਲ ਜਾਂਦੇ ਸਨ ਅਤੇ ਜੰਗਲ 'ਚ ਗੁਆਚ ਜਾਂਦੇ ਸਨ।
ਕਰੀਬ 30 ਸਾਲ ਪਹਿਲਾਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਿੰਡ 'ਚ ਸੜਕਾਂ ਬਣਾਉਣ ਦੀ ਮੰਗ ਕੀਤੀ ਸੀ ਪਰ ਕਿਸੇ ਨੇ ਨਹੀਂ ਸੁਣੀ ਤਾਂ ਮੈਂ ਅਤੇ ਮੇਰੇ ਭਰਾ ਨੇ ਸੜਕ ਬਣਾਉਣ ਦਾ ਪ੍ਰਣ ਲਿਆ ਤੇ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ। ਮੈਂ ਅਤੇ ਵੱਡੇ ਭਰਾ ਨੇ ਖੇਤੀ ਦਾ ਕੰਮ ਖ਼ਤਮ ਕਰ ਸੜਕ ਬਣਾਉਣ ਦਾ ਕੰਮ ਕੀਤਾ। ਬਾਅਦ 'ਚ ਹੋਰ ਪਿੰਡ ਵਾਸੀਆਂ ਨੇ ਵੀ ਮਦਦ ਕੀਤੀ ਪਰ ਉਸ ਦੌਰਾਨ ਮੇਰੇ ਭਰਾ ਦੀ ਮੌਤ ਹੋ ਗਈ। ਹੁਣ ਸਕੂਲ ਜਾਣ ਵਾਲੇ ਬੱਚਿਆਂ ਨੂੰ ਪਹਾੜਾਂ ਦੇ ਚੱਕਰ ਨਹੀਂ ਕੱਢਣੇ ਪੈਂਦੇ ਤੇ ਨਾ ਹੀ ਕੋਈ ਰਿਸ਼ਤੇਦਾਰ ਘਰਾਂ ਦੇ ਰਸਤੇ ਭੁੱਲਦੇ ਹਨ।