ਕਾਰ 'ਚੋਂ 3.72 ਕਰੋੜ ਰੁਪਏ ਦਾ ਵਿਦੇਸ਼ੀ ਸੋਨਾ ਬਰਾਮਦ, 3 ਲੋਕ ਗ੍ਰਿਫ਼ਤਾਰ
ਪੁਲਿਸ ਵਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ
ਮੱਧ ਪ੍ਰਦੇਸ਼: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਇੰਦੌਰ ਨੇੜੇ ਇਕ ਕਾਰ 'ਚੋਂ 3.72 ਕਰੋੜ ਰੁਪਏ ਦੀ ਕੀਮਤ ਦਾ 7.1 ਕਿਲੋਗ੍ਰਾਮ ਵਿਦੇਸ਼ੀ ਸੋਨਾ ਜ਼ਬਤ ਕੀਤਾ ਹੈ। ਕੌਮਾਂਤਰੀ ਤਸਕਰੀ ਦੇ ਇਸ ਮਾਮਲੇ ਵਿਚ ਮੁੰਬਈ ਦੇ ਇੱਕ ਵਿਅਕਤੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਆਗਰਾ-ਮੁੰਬਈ ਨੈਸ਼ਨਲ ਹਾਈਵੇਅ 'ਤੇ ਇੰਦੌਰ ਨੇੜੇ ਪੁਲਿਸ ਵਲੋਂ ਨਾਕਾ ਲਗਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੀ ਦੌਰਾਨ ਪੁਲਿਸ ਨੇ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ, ਜਿਸ 'ਚੋਂ 7.1 ਕਿਲੋਗ੍ਰਾਮ ਵਜ਼ਨ ਦੇ ਸੋਨੇ ਦੀਆਂ ਅੱਠ ਇੱਟਾਂ ਪੁਲਿਸ ਨੂੰ ਬਰਾਮਦ ਹੋਈਆਂ।
ਅਧਿਕਾਰੀ ਨੇ ਦੱਸਿਆ ਕਿ ਤਸਕਰਾਂ ਨੇ ਵਿਦੇਸ਼ੀ ਸੋਨੇ ਦੀ ਖੇਪ ਨੂੰ ਕਾਰ ਵਿਚ ਗੁਪਤ ਟਿਕਾਣਾ ਬਣਾ ਕੇ ਛੁਪਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕਾਰ 'ਚ ਸਵਾਰ ਦੋ ਵਿਅਕਤੀਆਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਮੁੰਬਈ ਦੇ ਇਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ, ਜਿਸ ਨੇ ਦੋਵਾਂ ਨੂੰ ਵਿਦੇਸ਼ੀ ਸੋਨੇ ਦੀ ਖੇਪ ਦਿੱਤੀ ਸੀ।
ਅਧਿਕਾਰੀ ਨੇ ਦੱਸਿਆ ਕਿ ਸੋਨੇ ਦੀ ਤਸਕਰੀ ਵਿਚ ਵਰਤੀ ਗਈ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਕਸਟਮਜ਼ ਐਕਟ, 1962 ਦੇ ਤਹਿਤ ਮਾਮਲੇ ਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ।