ਅਮਰੀਕਾ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਵੱਡੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁੰਡਈ ਦੀ ਫੈਕਟਰੀ ’ਤੇ ਪਿਆ ਛਾਪਾ, ਲਗਭਗ 475 ਕਾਮੇ ਹਿਰਾਸਤ ’ਚ

Major action against illegal immigrants in America

illegal immigrants in America  news : ਅਮਰੀਕੀ ਸੂਬੇ ਜਾਰਜੀਆ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਨੇ ਨਾ ਸਿਰਫ਼ ਕਾਮਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਸਗੋਂ ਕਾਰ ਨਿਰਮਾਣ ਕੰਪਨੀਆਂ ‘ਹੁੰਡਈ’ ਤੇ ’ਕੀਆ ਦੇ ਇਲੈਕਟ੍ਰਿਕ ਵਾਹਨ ਬੈਟਰੀ ਪ੍ਰਾਜੈਕਟ ਨੂੰ ਵੀ ਰੋਕ ਦਿੱਤਾ ਹੈ। ਰਿਪੋਰਟ ਅਨੁਸਾਰ ਯੂ. ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਜਾਰਜੀਆ ’ਚ ਹੁੰਡਈ ਨਾਲ ਸਬੰਧਤ ਬਣ ਰਹੀ ਇਕ ਬੈਟਰੀ ਫੈਕਟਰੀ ’ਤੇ ਛਾਪਾ ਮਾਰਿਆ ਤੇ ਲੱਗਭਗ 475 ਕਾਮਿਆਂ ਨੂੰ ਹਿਰਾਸਤ ’ਚ ਲੈ ਲਿਆ। ਇਸ ਫੈਕਟਰੀ ਨੂੰ ਸੂਬੇ ਦੇ ਇਤਿਹਾਸ ’ਚ ਸਭ ਤੋਂ ਵੱਡਾ ਉਦਯੋਗਿਕ ਨਿਵੇਸ਼ ਪ੍ਰਾਜੈਕਟ ਮੰਨਿਆ ਜਾਂਦਾ ਸੀ।

ਜਾਰਜੀਆ ਦੇ ਰਿਪਬਲਿਕਨ ਗਵਰਨਰ ਬ੍ਰਾਇਨ ਕੈਂਪ ਨੇ ਇਸ ਨੂੰ ਸੂਬੇ ਦੀ ਆਰਥਿਕਤਾ ਲਈ ਵੱਡੀ ਛਾਲ ਕਿਹਾ ਸੀ ਪਰ ਇਸ ਛਾਪੇਮਾਰੀ ਨੇ ਨਾ ਸਿਰਫ਼ ਕੰਮ ਨੂੰ ਰੋਕ ਦਿੱਤਾ ਹੈ ਸਗੋਂ ਅਮਰੀਕਾ ਤੇ ਦੱਖਣੀ ਕੋਰੀਆ ਦੇ ਸਬੰਧਾਂ ’ਚ ਖਟਾਸ ਦੀ ਸੰਭਾਵਨਾ ਨੂੰ ਵੀ ਵਧਾ ਦਿੱਤਾ ਹੈ। ਯੂ. ਐੱਸ. ਡਿਪਾਰਟਮੈਂਟ ਆਫ਼ ਹੈਮਲੈਂਡ ਸਿਕਿਓਰਿਟੀ ਅਨੁਸਾਰ ਇਹ ਅਮਰੀਕਾ ਦੇ ਇਤਿਹਾਸ ’ਚ ਸਭ ਤੋਂ ਵੱਡਾ ਸਿੰਗਲ-ਸਾਈਟ ਛਾਪਾ ਹੈ। ਜਦਕਿ ‘ਕੋਰੀਆ ਇਕਨਾਮਿਕ ਡੇਲੀ’ ਨੇ ਦਾਅਵਾ ਕੀਤਾ ਹੈ ਕਿ ਲਗਭਗ 560 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇਨ੍ਹਾਂ ’ਚੋਂ ਲਗਭਗ 300 ਦੱਖਣੀ ਕੋਰੀਆਈ ਨਾਗਰਿਕ ਹਨ। ਹੁੰਡਈ ਦੱਖਣੀ ਕੋਰੀਆ ਦੀ ਆਟੋਮੋਟਿਵ ਕੰਪਨੀ ਹੈ, ਜਿਸ ਦੇ ਦੁਨੀਆ ਦੇ ਕਈ ਦੇਸ਼ਾਂ ’ਚ ਪਲਾਂਟ ਹਨ।

ਹੁੰਡਈ ਮੋਟਰ ਦਾ ਸਪੱਸ਼ਟੀਕਰਨ : ਹੁੰਡਈ ਮੋਟਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚੋਂ ਕਿਸੇ ਨੂੰ ਵੀ ਕੰਪਨੀ ਵੱਲੋਂ ਸਿੱਧੇ ਤੌਰ ’ਤੇ ਰੁਜ਼ਗਾਰ ਨਹੀਂ ਦਿੱਤਾ ਗਿਆ ਸੀ। ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਦੇ ਇਲੈਕਟ੍ਰਿਕ ਵਾਹਨਾਂ ਦਾ ਉਤਪਾਦਨ ਪ੍ਰਭਾਵਿਤ ਨਹੀਂ ਹੋਵੇਗਾ। ਅਜੇ ਫੈਕਟਰੀ ਦਾ ਨਿਰਮਾਣ ਕਾਰਜ ਬੰਦ ਕਰ ਦਿੱਤਾ ਗਿਆ ਹੈ।

ਹੋਮਲੈਂਡ ਸਿਕਿਓਰਿਟੀ ਅਧਿਕਾਰੀ ਸਟੀਵਨ ਸ਼ਾਂਕ ਨੇ ਇਕ ਪ੍ਰੈਸ ਬ੍ਰੀਫਿੰਗ ’ਚ ਦੱਸਿਆ ਕਿ ਇਹ ਛਾਪਾ ਗੈਰ-ਕਾਨੂੰਨੀ ਰੁਜ਼ਗਾਰ ਅਭਿਆਸਾਂ ਦੀ ਜਾਂਚ ਦੇ ਹਿੱਸੇ ਵਜੋਂ ਮਾਰਿਆ ਗਿਆ ਸੀ। ਸਾਡੇ ਕੋਲ ਪੂਰੀ ਸਾਈਟ ਲਈ ਇਕ ਸਰਚ ਵਾਰੰਟ ਹੈ। ਸਾਰਾ ਨਿਰਮਾਣ ਕਾਰਜ ਫਿਲਹਾਲ ਰੋਕ ਦਿੱਤਾ ਗਿਆ ਹੈ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲਾ ਨੇ ਇਸ ਛਾਪੇਮਾਰੀ ’ਤੇ ਚਿੰਤਾ ਪ੍ਰਗਟ ਕੀਤੀ ਹੈ।

ਮੰਤਰਾਲਾ ਦੇ ਬੁਲਾਰੇ ਲੀ ਜੇ-ਵਾਂਗ ਨੇ ਕਿਹਾ ਕਿ ਅਮਰੀਕਾ ’ਚ ਨਿਵੇਸ਼ ਕਰਨ ਵਾਲੀਆਂ ਸਾਡੀਆਂ ਕੰਪਨੀਆਂ ਦੀਆਂ ਸਰਗਰਮੀਆਂ ਤੇ ਸਾਡੇ ਨਾਗਰਿਕਾਂ ਦੇ ਹਿੱਤਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਇਹ ਫੈਕਟਰੀ ਹੁੰਡਈ ਅਤੇ ਐੱਲ. ਈ. ਜੀ. ਐੱਸ. ਦਾ ਇਕ ਸਾਂਝਾ ਅਦਾਰਾ ਹੈ, ਜਿਸ ’ਚ ਦੋਵਾਂ ਦੀ 50-50 ਫੀਸਦੀ ਹਿੱਸੇਦਾਰੀ ਹੈ। ਲਗਭਗ 4.3 ਬਿਲੀਅਨ ਡਾਲਰ ਦੀ ਲਾਗਤ ਨਾਲ ਬਣਾਈ ਜਾ ਰਹੀ ਇਹ ਇਕਾਈ ਹੁੰਡਈ, ਕੀਆ ਤੇ ਜੈਨੇਸਿਸ ਇਲੈਕਟ੍ਰਿਕ ਕਾਰਾਂ ਲਈ ਬੈਟਰੀਆਂ ਬਣਾਏਗੀ।