UP ਪੁਲਿਸ ਦੀ ਹਿਰਾਸਤ 'ਚ ਨਵਜੋਤ ਸਿੱਧੂ ਸਣੇ ਕਈ ਕਾਂਗਰਸੀ ਆਗੂ
ਸਿੱਧੂ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ- 'ਦੋਸ਼ੀਆਂ ਨੂੰ ਕਰੋ ਗ੍ਰਿਫ਼ਤਾਰ ਨਹੀਂ ਤਾਂ ਬੈਠਾਂਗੇ ਭੁੱਖ ਬੜਤਾਲ ਤੇ'
ਚੰਡੀਗੜ੍ਹ: ਲਖੀਮਪੁਰ ਖੀਰੀ ਜਾ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਕਾਫ਼ਲੇ ਨੂੰ ਹਰਿਆਣਾ ਯੂਪੀ ਸਰਹੱਦ 'ਤੇ ਰੋਕਿਆ ਗਿਆ ਤੇ ਫਿਰ ਕੁੱਝ ਸਮੇਂ ਬਾਅਦ ਯੂ ਪੀ ਪੁਲਿਸ ਨੇ ਨਵਜੋਤ ਸਿੱਧੂ ਸਮੇਤ ਕਈ ਕਾਂਗਰਸੀ ਵਿਧਾਇਕਾ ਨੂੰ ਹਿਰਾਸਤ ਵਿਚ ਲੈ ਲਿਆ। ਹਿਰਾਸਤ ਵਿਚ ਲਏ ਮੰਤਰੀਆਂ ਵਿਚੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਜੇ ਇੰਦਰ ਸਿੰਗਲਾ, ਗੁਰਕੀਰਤ ਕੋਟਲੀ ਸ਼ਾਮਲ ਹਨ। ਉਨ੍ਹਾਂ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਸਹਾਰਨਪੁਰ ਦੇ ਸਰਸਾਵਾ ਥਾਣੇ ’ਚ ਲਿਜਾਇਆ ਗਿਆ ਹੈ।
ਬਾਰਡਰ 'ਤੇ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਹੈ ਅਤੇ ਯੂ. ਪੀ. ਪੁਲਿਸ ਵੱਲੋਂ ਸਿੱਧੂ ਦੇ ਕਾਫ਼ਲੇ ਨੂੰ ਰੋਕਣ ਕਾਰਨ ਭਾਰੀ ਜਾਮ ਲੱਗ ਗਿਆ ਹੈ। ਇਸ ਕਾਰਨ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਧਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਅਸੀਂ 5 ਤੋਂ ਵੱਧ ਲੋਕ ਅੱਗੇ ਨਹੀਂ ਜਾਣ ਦੇ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਨਵਜੋਤ ਸਿੱਧੂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਜ਼ਿਆਦਾ ਲੋਕਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ ਜਿਸ ਕਾਰਨ ਉੱਤਰ ਪ੍ਰਦੇਸ਼ ਪੁਲਿਸ ਨੇ ਕਾਂਗਰਸ ਨੇਤਾਵਾਂ ਨੂੰ ਹਿਰਾਸਤ ’ਚ ਲਿਆ ਹੈ। ਸਾਰੇ ਕਾਂਗਰਸੀ ਆਗੂਆਂ ਨੂੰ ਸਰਸਾਵਾ ਥਾਣੇ ’ਚ ਲਿਜਾਇਆ ਗਿਆ ਹੈ।
ਉਧਰ ਸਿੱਧੂ ਨੇ ਕਿਹਾ ਕਿ ਇਨਸਾਫ਼ ਮੰਗਣ ’ਤੇ ਉੱਤਰ ਪ੍ਰਦੇਸ਼ ਪੁਲਿਸ ਪਰੇਸ਼ਾਨ ਕਰ ਰਹੀ ਹੈ। ਕਿਸਾਨਾਂ ਨੂੰ ਕੁਚਲਣ ਵਾਲੇ ਸ਼ਰੇਆਮ ਘੁੰਮ ਰਹੇ ਹਨ ਤੇ ਸਾਨੂੰ ਪੁਲਿਸ ਗ੍ਰਿਫ਼ਤਾਰ ਕਰ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੋਹਾਲੀ ਵਿਚ ਸਿੱਧੂ ਨੇ ਕਿਹਾ ਸੀ ਕਿ ਜੇਕਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਨੂੰ ਕੱਲ੍ਹ ਤੱਕ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ 'ਤੇ ਬੈਠਣਗੇ।