ਲਾਲਟੈਨ ਦੀ ਰੋਸ਼ਨੀ ਨਾਲ ਪੜ੍ਹ ਕੇ ਅਫਸਰ ਬਣਿਆ ਟਰੱਕ ਡਰਾਈਵਰ ਦਾ ਪੁੱਤ, ਪਾਸ ਕੀਤੀ UPSC ਪ੍ਰੀਖਿਆ
ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਸਫਲਤਾ ਦੇ ਗੱਡੇ ਝੰਡੇ
ਨਾਗੌਰ : ਕਹਿੰਦੇ ਹਨ ਕਿ ਜੇਕਰ ਤੁਹਾਡੇ ਮਨ ਵਿੱਚ ਕੁਝ ਕਰਨ ਦਾ ਜਾਨੂੰਨ ਹੁੰਦਾ ਹੈ ਤਾਂ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਤੁਸੀਂ ਔਖੇ ਹਾਲਾਤਾਂ ਵਿੱਚ ਵੀ ਸਫਲਤਾ ਦੇ ਸਿਖਰ 'ਤੇ ਪਹੁੰਚ ਜਾਂਦੇ ਹੋ। ਇਹ ਗੱਲ ਰਾਜਸਥਾਨ ਦੇ ਨਾਗੌਰ ਦੇ ਰਹਿਣ ਵਾਲੇ ਟਰੱਕ ਡਰਾਈਵਰ ਦੇ ਪੁੱਤਰ ਪਵਨ ਕੁਮਾਰ ਕੁਮਾਵਤ ਨੇ ਸੱਚ ਸਾਬਤ ਕਰ ਦਿੱਤੀ ਹੈ। ਉਸ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਦੇਸ਼ ਦੀ ਸਭ ਤੋਂ ਔਖੀ UPSC ਪ੍ਰੀਖਿਆ ਪਾਸ ਕੀਤੀ ਹੈ।
ਟਰੱਕ ਡਰਾਈਵਰ ਦੇ ਪੁੱਤ ਨੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਸਫਲਤਾ ਦੇ ਝੰਡੇ ਗੱਡ ਦਿੱਤੇ। ਪਵਨ ਕੁਮਾਰ ਕੁਮਾਵਤ ਦੀ ਯੂਪੀਐਸਸੀ ਪ੍ਰੀਖਿਆ ਵਿੱਚ ਚੋਣ ਹੋਈ ਹੈ। ਇਸ ਨੇ ਦੇਸ਼ ਭਰ ਵਿੱਚ 551ਵਾਂ ਰੈਂਕ ਹਾਸਲ ਕੀਤਾ ਹੈ। ਪਵਨ ਕੁਮਾਰ ਨਾਗੌਰ ਦਾ ਰਹਿਣ ਵਾਲਾ ਹੈ। ਪਵਨ ਦੀ ਪੜ੍ਹਾਈ ਸ਼ਹਿਰ ਦੇ ਪਬਲਿਕ ਸਕੂਲ ਤੋਂ ਸ਼ੁਰੂ ਹੋਈ। ਪਿਤਾ ਰਾਮੇਸ਼ਵਰ ਲਾਲ ਨੇ ਆਪਣੇ ਪੁੱਤਰ ਨੂੰ ਪੜ੍ਹਾਉਣ ਲਈ ਪਿੰਡ ਛੱਡ ਦਿੱਤਾ ਅਤੇ ਨਾਗੌਰ ਵਿੱਚ ਰਹਿਣ ਲੱਗ ਪਿਆ।
ਜਦੋਂ ਉਸ ਨੂੰ ਕੰਮ ਨਾ ਮਿਲਿਆ ਤਾਂ ਉਹ ਟਰੱਕ ਚਲਾਉਣ ਲੱਗਾ। ਇੱਥੋਂ ਪਵਨ ਨੇ ਆਪਣੀ ਅਗਲੀ ਪੜ੍ਹਾਈ ਪੂਰੀ ਕੀਤੀ, ਹਾਲਾਂਕਿ ਬਾਅਦ ਵਿੱਚ ਉਹ ਅੱਗੇ ਦੀ ਪੜ੍ਹਾਈ ਲਈ ਜੈਪੁਰ ਆ ਗਿਆ। ਪਵਨ ਨੇ ਦੱਸਿਆ ਕਿ ਜਦੋਂ ਘਰ ਵਿੱਚ ਬਿਜਲੀ ਨਹੀਂ ਸੀ ਤਾਂ ਉਸ ਨੇ ਲਾਲਟੈਨ ਰਾਹੀਂ ਆਪਣੀ ਪੜ੍ਹਾਈ ਜਾਰੀ ਰੱਖੀ। ਉਹ ਆਪਣੇ ਟੀਚੇ ਤੋਂ ਭਟਕੇ ਬਿਨਾਂ ਦਿਨ ਰਾਤ ਮਿਹਨਤ ਕਰਦਾ ਰਿਹਾ। ਪਵਨ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੰਦਾ ਹੈ।