Gujarat Road Accident : ਅੰਬਾਜੀ ਮੰਦਿਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਪਰਤ ਰਹੀ ਬੱਸ ਪਲਟੀ, ਤਿੰਨ ਦੀ ਮੌਤ, 54 ਤੋਂ ਜ਼ਿਆਦਾ ਜ਼ਖਮੀ
ਲੋਕਾਂ ਦਾ ਕਹਿਣਾ ਡਰਾਈਵਰ ਬਣਾ ਰਿਹਾ ਸੀ ਰੀਲ , ਰੋਕੇ ਜਾਣ 'ਤੇ ਵੀ ਨਹੀਂ ਮੰਨਿਆ, ਹੁਣ ਫਰਾਰ
Gujarat Road Accident : ਗੁਜਰਾਤ ਦੇ ਪ੍ਰਸਿੱਧ ਤੀਰਥ ਸਥਾਨ ਅੰਬਾਜੀ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 54 ਤੋਂ ਜ਼ਿਆਦਾ ਜ਼ਖਮੀ ਹੋ ਗਏ। 5-6 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਸ 'ਚ ਕਰੀਬ 60 ਯਾਤਰੀ ਸਵਾਰ ਸਨ।
ਇਹ ਹਾਦਸਾ ਅੰਬਾਜੀ ਦੇ ਤ੍ਰਿਸ਼ੂਲੀਆ ਘਾਟ 'ਤੇ ਉਸ ਸਮੇਂ ਵਾਪਰਿਆ ਜਦੋਂ ਬੱਸ ਬੇਕਾਬੂ ਹੋ ਕੇ ਘਾਟੀ ਦੀ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਜ਼ਖਮੀਆਂ ਨੂੰ ਪਾਲਨਪੁਰ ਅਤੇ ਅੰਬਾਜੀ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਕ ਯਾਤਰੀ ਨੇ ਦੱਸਿਆ ਕਿ ਘਾਟ 'ਤੇ ਬੱਸ ਚੜ੍ਹਾਉਂਦੇ ਸਮੇਂ ਡਰਾਈਵਰ ਆਪਣੇ ਮੋਬਾਇਲ ਨਾਲ ਰੀਲ ਬਣਾ ਰਿਹਾ ਸੀ। ਅਸੀਂ ਉਸ ਨੂੰ ਮਨ੍ਹਾ ਵੀ ਕੀਤਾ ਸੀ, ਫਿਰ ਵੀ ਉਹ ਰੀਲ ਬਣਾਉਣ ਵਿਚ ਰੁੱਝਿਆ ਰਿਹਾ। ਇਸ ਦੌਰਾਨ ਬੱਸ ਘਾਟ 'ਤੇ ਹਨੂੰਮਾਨ ਮੰਦਰ ਨੇੜੇ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ।
ਡਰਾਈਵਰ ਦੇ ਸ਼ਰਾਬੀ ਹੋਣ ਦਾ ਵੀ ਖ਼ਦਸ਼ਾ
ਇਸ ਦੇ ਨਾਲ ਹੀ ਕੁਝ ਯਾਤਰੀਆਂ ਦਾ ਕਹਿਣਾ ਹੈ ਕਿ ਡਰਾਈਵਰ ਨਸ਼ੇ 'ਚ ਧੁੱਤ ਨਜ਼ਰ ਆ ਰਿਹਾ ਸੀ। ਇਸ ਕਾਰਨ ਉਹ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਜੇਕਰ ਪੁਲਿਸ ਜਲਦੀ ਹੀ ਉਸਨੂੰ ਫੜ ਕੇ ਉਸਦਾ ਮੈਡੀਕਲ ਕਰਵਾ ਲਵੇ ਤਾਂ ਸਾਰਾ ਸੱਚ ਸਾਹਮਣੇ ਆ ਸਕਦਾ ਹੈ। ਪੁਲੀਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਅੰਬਾਜੀ ਮੰਦਰ ਤੋਂ ਵਾਪਸ ਆ ਰਹੀ ਸੀ ਬੱਸ
ਬੱਸ ਵਿੱਚ ਸਵਾਰ ਸਾਰੇ ਲੋਕ ਅੰਬਾਜੀ ਮੰਦਰ ਦੇ ਦਰਸ਼ਨ ਕਰਕੇ ਵਾਪਸ ਦਾਂਤਾ ਸ਼ਹਿਰ ਆ ਰਹੇ ਸਨ। ਹਾਦਸੇ ਦਾ ਸ਼ਿਕਾਰ ਹੋਏ ਜ਼ਿਆਦਾਤਰ ਸ਼ਰਧਾਲੂ ਖੇੜਾ ਜ਼ਿਲ੍ਹੇ ਦੇ ਪਿੰਡ ਕਾਠਲਾਲ ਦੇ ਰਹਿਣ ਵਾਲੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਨੇੜਲੇ ਪਿੰਡ ਦੇ ਲੋਕ ਜ਼ਖਮੀਆਂ ਦੀ ਮਦਦ ਲਈ ਪਹੁੰਚ ਗਏ। ਲੋਕਾਂ ਨੇ ਜ਼ਖਮੀਆਂ ਨੂੰ ਨਿੱਜੀ ਵਾਹਨਾਂ 'ਚ ਅੰਬਾਜੀ ਦੇ ਹਸਪਤਾਲ 'ਚ ਦਾਖਲ ਕਰਵਾਇਆ।