ਜਦੋਂ ਤਕ ਵਿਕਸਤ ਭਾਰਤ ਦਾ ਸਮੂਹਕ ਟੀਚਾ ਹਾਸਲ ਨਹੀਂ ਹੋ ਜਾਂਦਾ, ਉਦੋਂ ਤਕ ਆਰਾਮ ਨਾਲ ਨਹੀਂ ਬੈਠਾਂਗਾ : ਮੋਦੀ
ਸਰਕਾਰ ਦੇ ਮੁਖੀ ਵਜੋਂ 23 ਸਾਲ ਪੂਰੇ ਹੋਣ ’ਤੇ ਸ਼ੁਭਕਾਮਨਾਵਾਂ ਦੇਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਗੁਜਰਾਤ ਅਤੇ ਬਾਅਦ ’ਚ ਕੇਂਦਰ ’ਚ ਜਨਤਕ ਅਹੁਦੇ ’ਤੇ 23 ਸਾਲ ਪੂਰੇ ਕਰਨ ’ਤੇ ਸੋਮਵਾਰ ਨੂੰ ਭਾਰਤੀਆਂ ਨੂੰ ਭਰੋਸਾ ਦਿਤਾ ਕਿ ਉਹ ਹੋਰ ਵੀ ਜੋਸ਼ ਨਾਲ ਅਣਥੱਕ ਮਿਹਨਤ ਕਰਦੇ ਰਹਿਣਗੇ ਅਤੇ ਵਿਕਸਤ ਭਾਰਤ ਦੇ ਸਮੂਹਕ ਟੀਚੇ ਦੀ ਪ੍ਰਾਪਤੀ ਤਕ ਆਰਾਮ ਨਹੀਂ ਕਰਨਗੇ। ਮੋਦੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ’ਚ ਬਹੁਤ ਕੁੱਝ ਹਾਸਲ ਕੀਤਾ ਗਿਆ ਹੈ ਪਰ ਅਜੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਉਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਰਕਾਰ ਦੇ ਮੁਖੀ ਵਜੋਂ 23 ਸਾਲ ਪੂਰੇ ਹੋਣ ’ਤੇ ਮੈਨੂੰ ਆਸ਼ੀਰਵਾਦ ਦਿਤਾ ਅਤੇ ਸ਼ੁਭਕਾਮਨਾਵਾਂ ਦਿਤੀਆਂ। 7 ਅਕਤੂਬਰ 2001 ਨੂੰ ਮੈਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਦੀ ਜ਼ਿੰਮੇਵਾਰੀ ਲਈ। ਇਹ ਮੇਰੀ ਪਾਰਟੀ ਭਾਜਪਾ ਦੀ ਮਹਾਨਤਾ ਸੀ ਕਿ ਇਸ ਨੇ ਮੇਰੇ ਵਰਗੇ ਵਰਕਰ ਨੂੰ ਸੂਬੇ ਦੇ ਪ੍ਰਸ਼ਾਸਨ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ।’’
ਮੋਦੀ ਨੇ ਕਿਹਾ, ‘‘ਜਦੋਂ ਮੈਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਗੁਜਰਾਤ ਨੂੰ 2001 ਦਾ ਕੱਛ ਭੂਚਾਲ, ਇਸ ਤੋਂ ਪਹਿਲਾਂ ਦੇ ‘ਸੁਪਰ ਸਾੲਕਲੋਨ’, ਗੰਭੀਰ ਸੋਕੇ ਅਤੇ ਕਾਂਗਰਸ ਦੇ ਦਹਾਕਿਆਂ ਦੇ ‘ਕੁਸ਼ਾਸਨ’ ਵਰਗੀਆਂ ਕਈ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਨੁੱਖੀ ਸ਼ਕਤੀ ਤੋਂ ਪ੍ਰੇਰਿਤ ਹੋ ਕੇ, ਅਸੀਂ ਗੁਜਰਾਤ ਦਾ ਪੁਨਰ ਨਿਰਮਾਣ ਕੀਤਾ ਅਤੇ ਇਸ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ ’ਤੇ ਲੈ ਗਏ, ਇੱਥੋਂ ਤਕ ਕਿ ਖੇਤੀਬਾੜੀ ਵਰਗੇ ਖੇਤਰ ’ਚ ਵੀ ਜਿਸ ਲਈ ਸੂਬਾ ਰਵਾਇਤੀ ਤੌਰ ’ਤੇ ਨਹੀਂ ਜਾਣਿਆ ਜਾਂਦਾ ਸੀ।’’
ਉਨ੍ਹਾਂ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ 13 ਸਾਲਾਂ ਦੇ ਕਾਰਜਕਾਲ ਦੌਰਾਨ ਸੂਬਾ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਚਮਕਦਾਰ ਮਿਸਾਲ ਵਜੋਂ ਉਭਰਿਆ ਹੈ ਜਿਸ ਨੇ ਸਮਾਜ ਦੇ ਸਾਰੇ ਵਰਗਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਹੈ।
ਮੋਦੀ ਨੇ ਕਿਹਾ ਕਿ 2014 ’ਚ ਭਾਰਤ ਦੇ ਲੋਕਾਂ ਨੇ ਭਾਜਪਾ ਨੂੰ ਰੀਕਾਰਡ ਬਹੁਮਤ ਦਿਤਾ ਸੀ, ਜਿਸ ਨਾਲ ਉਹ ਪ੍ਰਧਾਨ ਮੰਤਰੀ ਦੇ ਰੂਪ ’ਚ ਸੇਵਾ ਕਰ ਸਕੇ ਸਨ। ਉਨ੍ਹਾਂ ਕਿਹਾ, ‘‘ਇਹ ਇਕ ਇਤਿਹਾਸਕ ਪਲ ਸੀ ਕਿਉਂਕਿ 30 ਸਾਲਾਂ ਵਿਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਪਿਛਲੇ ਦਹਾਕੇ ’ਚ ਅਸੀਂ ਅਪਣੇ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਕਈ ਚੁਨੌਤੀਆਂ ਨਾਲ ਨਜਿੱਠਣ ’ਚ ਸਫਲ ਰਹੇ ਹਾਂ। 25 ਕਰੋੜ ਤੋਂ ਵੱਧ ਲੋਕ ਗਰੀਬੀ ਦੇ ਚੁੰਗਲ ਤੋਂ ਬਾਹਰ ਆ ਚੁਕੇ ਹਨ। ਭਾਰਤ ਪੰਜਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਇਸ ਨੇ ਵਿਸ਼ੇਸ਼ ਤੌਰ ’ਤੇ ਸਾਡੇ ਐਮ.ਐਸ.ਐਮ.ਈ., ਸਟਾਰਟ-ਅੱਪ ਸੈਕਟਰ ਅਤੇ ਹੋਰਾਂ ਦੀ ਮਦਦ ਕੀਤੀ ਹੈ।’’
ਉਨ੍ਹਾਂ ਕਿਹਾ, ‘‘ਮਿਹਨਤੀ ਕਿਸਾਨਾਂ, ਮਹਿਲਾ ਸ਼ਕਤੀ, ਯੁਵਾ ਸ਼ਕਤੀ ਅਤੇ ਗਰੀਬਾਂ ਅਤੇ ਸਮਾਜ ਦੇ ਹਾਸ਼ੀਏ ’ਤੇ ਪਏ ਵਰਗਾਂ ਲਈ ਖੁਸ਼ਹਾਲੀ ਦੇ ਨਵੇਂ ਰਾਹ ਖੁੱਲ੍ਹੇ ਹਨ।’’
ਮੋਦੀ ਨੇ ਕਿਹਾ, ‘‘ਦੁਨੀਆਂ ਸਾਡੇ ਨਾਲ ਜੁੜਨ, ਸਾਡੇ ਲੋਕਾਂ ’ਚ ਨਿਵੇਸ਼ ਕਰਨ ਅਤੇ ਸਾਡੀ ਸਫਲਤਾ ਦਾ ਹਿੱਸਾ ਬਣਨ ਲਈ ਉਤਸੁਕ ਹੈ। ਇਸ ਦੇ ਨਾਲ ਹੀ ਭਾਰਤ ਗਲੋਬਲ ਚੁਨੌਤੀਆਂ ਨਾਲ ਨਜਿੱਠਣ ਲਈ ਵਿਆਪਕ ਤੌਰ ’ਤੇ ਕੰਮ ਕਰ ਰਿਹਾ ਹੈ, ਚਾਹੇ ਉਹ ਜਲਵਾਯੂ ਪਰਿਵਰਤਨ ਹੋਵੇ, ਸਿਹਤ ਸੰਭਾਲ ’ਚ ਸੁਧਾਰ ਹੋਵੇ, ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨਾ ਹੋਵੇ ਜਾਂ ਹੋਰ।’’
ਉਨ੍ਹਾਂ ਕਿਹਾ, ‘‘ਮੈਂ ਅਪਣੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਲੋਕਾਂ ਦੀ ਸੇਵਾ ਲਈ ਹੋਰ ਵੀ ਜੋਸ਼ ਨਾਲ ਅਣਥੱਕ ਕੰਮ ਕਰਨਾ ਜਾਰੀ ਰੱਖਾਂਗਾ। ਮੈਂ ਉਦੋਂ ਤਕ ਆਰਾਮ ਨਹੀਂ ਕਰਾਂਗਾ ਜਦੋਂ ਤਕ ਭਾਰਤ ਦੇ ਵਿਕਾਸ ਦਾ ਸਾਡਾ ਸਮੂਹਕ ਟੀਚਾ ਪ੍ਰਾਪਤ ਨਹੀਂ ਹੋ ਜਾਂਦਾ।’’
ਇਸ ਤੋਂ ਪਹਿਲਾਂ ਭਾਜਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਨਤਕ ਅਹੁਦੇ ’ਤੇ 23 ਸਾਲ ਪੂਰੇ ਕਰ ਲਏ ਹਨ ਅਤੇ ਗੁਜਰਾਤ ਤੋਂ ਕੇਂਦਰ ਤਕ ਦੀ ਅਪਣੀ ਯਾਤਰਾ ਨੂੰ ‘ਜੀਵਤ ਪ੍ਰੇਰਣਾ’ ਦਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਦੇਸ਼ ਦੀ ਤਰੱਕੀ ਅਤੇ ਵਿਸ਼ਵ ਪੱਧਰ ’ਤੇ ਮਾਣ ਨੇ ਨਵੀਆਂ ਉਚਾਈਆਂ ਹਾਸਲ ਕੀਤੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ 7 ਅਕਤੂਬਰ, 2001 ਨੂੰ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ ਸੀ ਅਤੇ ਉਹ ਲਗਾਤਾਰ 13 ਸਾਲਾਂ ਤਕ ਇਸ ਅਹੁਦੇ ’ਤੇ ਰਹੇ ਸਨ। ਇਸ ਤੋਂ ਬਾਅਦ ਉਹ 2014 ’ਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਤੇ ਪਿਛਲੇ ਸਾਲ ਜੂਨ ’ਚ ਉਨ੍ਹਾਂ ਨੇ ਲਗਾਤਾਰ ਤੀਜੀ ਵਾਰ ਦੇਸ਼ ਦੀ ਕਮਾਨ ਸੰਭਾਲੀ।