ਹਿਮਾਚਲ ਪ੍ਰਦੇਸ਼ : ਬਿਲਾਸਪੁਰ ਵਿਚ ਢਿੱਗਾਂ ਡਿਗਣ ਕਾਰਨ 18 ਮੌਤਾਂ
ਪੂਰਾ ਪਹਾੜ ਟੁੱਟ ਕੇ ਬੱਸ ’ਤੇ ਆ ਡਿੱਗਿਆ : ਪੁਲਿਸ ਮੁਲਾਜ਼ਮ
ਸ਼ਿਮਲਾ : ਇਕ ਨਿਜੀ ਬੱਸ ’ਚ ਸਫ਼ਰ ਕਰ ਰਹੇ 18 ਮੁਸਾਫ਼ਰਾਂ ਦੀ ਉਦੋਂ ਮੌਤ ਹੋ ਗਈ ਜਦੋਂ ਬਿਲਾਸਪੁਰ ਜ਼ਿਲ੍ਹੇ ’ਚ ਉਨ੍ਹਾਂ ਉਤੇ ਵਿਸ਼ਾਲ ਢਿੱਗਾਂ ਆਣ ਡਿਗੀਆਂ। ਹਾਦਸਾ ਝੰਡੂਤਾ ਵਿਧਾਨ ਸਭਾ ਹਲਕੇ ਦੇ ਬਾਲੂਘਾਟ ਇਲਾਕੇ ’ਚ ਵਾਪਰਿਆ। ਤਿੰਨ ਜਣਿਆਂ ਨੂੰ ਮਲਬੇ ਵਿਚੋਂ ਬਚਾਏ ਜਾਣ ਦੀ ਖ਼ਬਰ ਹੈ। ਬੱਸ ਵਿਚ 30-35 ਲੋਕ ਸਵਾਰ ਸਨ ਅਤੇ ਇਹ ਮਰੋਤਾਂ ਤੋਂ ਘੂਮਰਵਿਨ ਜਾ ਰਹੀ ਸੀ। ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਘਟਨਾ ਵਾਲੀ ਥਾਂ ਉਤੇ ਪਹੁੰਚ ਗਿਆ ਹੈ ਅਤੇ ਰਾਹਤ ਕਾਰਜ ਜਾਰੀ ਹਨ। ਖ਼ਬਰ ਲਿਖੇ ਜਾਣ ਤਕ 18 ਲਾਸ਼ਾਂ ਮਿਲੀਆਂ ਹਨ।
ਝੰਡੂਤਾ ਦੇ ਭਾਜਪਾ ਵਿਧਾਇਕ ਜੇ.ਆਰ. ਕਟਵਾਲ ਵੀ ਮੌਕੇ ’ਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਪਹੁੰਚੇ। ਰਾਹਤ ਕਾਰਜ ’ਚ ਲੱਗੇ ਇਕ ਪੁਲਿਸ ਵਾਲੇ ਨੇ ਦਸਿਆ ਕਿ ਪੂਰਾ ਪਹਾੜ ਟੁੱਟ ਕੇ ਬੱਸ ’ਤੇ ਆ ਡਿੱਗਿਆ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ ਅਤੇ ਅਫ਼ਸਰਾਂ ਨੂੰ ਰਾਹਤ ਕਾਰਜ ਤੇਜ਼ੀ ਨਾਲ ਚਲਾਉਣ ਲਈ ਕਿਹਾ ਹੈ। ਸੋਮਵਾਰ ਤੋਂ ਹੀ ਇਲਾਕੇ ’ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ’ਤੇ ਦੁੱਖ ਪ੍ਰਗਟਾਇਆ।
ਉਨ੍ਹਾਂ ਇਕ ‘ਐਕਸ’ ਪੋਸਟ ਵਿਚ ਕਿਹਾ, ‘‘ਮੇਰੀਆਂ ਸੰਵੇਦਨਾਵਾਂ ਹਾਦਸੇ ’ਚ ਮਾਰੇ ਗੲੈ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਜ਼ਖ਼ਮੀਆਂ ਦੇ ਤੇਜ਼ੀ ਨਾਲ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਪ੍ਰਧਾਨ ਮੰਤਰੀ ਕੌਮੀ ਰਾਹਤ ਫ਼ੰਡ ਵਿਚੋਂ ਹਰ ਮਿ੍ਰਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦਿਤੇ ਜਾਣਗੇ।’’