ਭਾਰਤ ਨੇ 2024-25 ’ਚ ਘਰੇਲੂ ਸਰੋਤਾਂ ਤੋਂ 1.20 ਲੱਖ ਕਰੋੜ ਰੁਪਏ ਦਾ ਫ਼ੌਜੀ ਸਾਮਾਨ ਖ਼ਰੀਦਿਆ: ਰਾਜਨਾਥ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

"2021-22 ’ਚ ਘਰੇਲੂ ਸਰੋਤਾਂ ਤੋਂ ਸਾਡੀ ਪੂੰਜੀ ਪ੍ਰਾਪਤੀ ਲਗਭਗ 74,000 ਕਰੋੜ ਰੁਪਏ ਸੀ"

India procured military equipment worth Rs 1.20 lakh crore from domestic sources in 2024-25: Rajnath Singh

ਨਵੀਂ ਦਿੱਲੀ: ਭਾਰਤ ਨੇ ਦੇਸ਼ ਨੂੰ ਦਰਪੇਸ਼ ਸੁਰੱਖਿਆ ਚੁਨੌਤੀਆਂ ਨਾਲ ਨਜਿੱਠਣ ਦੇ ਮਾਮਲੇ ’ਚ ਆਤਮਨਿਰਭਰ ਹੋਣ ਲਈ 2024-25 ਦੇ ਅੰਤ ਤਕ ਘਰੇਲੂ ਸਰੋਤਾਂ ਤੋਂ 1,20,000 ਕਰੋੜ ਰੁਪਏ ਦੇ ਫੌਜੀ ਹਾਰਡਵੇਅਰ ਅਤੇ ਹਥਿਆਰ ਖਰੀਦੇ ਹਨ।

ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਜੰਗ ਦੇ ਮੈਦਾਨ ਦੀ ਬਦਲਦੀ ਗਤੀਸ਼ੀਲਤਾ ਤੋਂ ਪੂਰੀ ਤਰ੍ਹਾਂ ਜਾਣੂ ਹੈ, ਖ਼ਾਸਕਰ ਡਰੋਨ ਦੀ ਵਰਤੋਂ ਵਰਗੇ ਗੈਰ-ਸੰਪਰਕ ਜੰਗ ਦੀ ਮਹੱਤਤਾ ਅਤੇ ਉਸ ਅਨੁਸਾਰ ਇਸ ਦੀ ਤਿਆਰੀ ਕਰ ਰਹੀ ਹੈ।

ਇਸ ਸੰਦਰਭ ’ਚ, ਉਨ੍ਹਾਂ ਨੇ ਅਣਗਿਣਤ ਸੁਰੱਖਿਆ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਦੇ ਅਪਣੇ ਰੱਖਿਆ ਉਦਯੋਗਾਂ ਨੂੰ ਵਧਾਉਣ ਦੀ ਮਹੱਤਤਾ ਉਤੇ ਜ਼ੋਰ ਦਿਤਾ। ਉਨ੍ਹਾਂ ਕਿਹਾ, ‘‘2021-22 ’ਚ, ਘਰੇਲੂ ਸਰੋਤਾਂ ਤੋਂ ਸਾਡੀ ਪੂੰਜੀ ਪ੍ਰਾਪਤੀ ਲਗਭਗ 74,000 ਕਰੋੜ ਰੁਪਏ ਸੀ, ਪਰ 2024-25 ਦੇ ਅੰਤ ਤਕ, ਘਰੇਲੂ ਸਰੋਤਾਂ ਤੋਂ ਪੂੰਜੀ ਪ੍ਰਾਪਤੀ ਲਗਭਗ 1,20,000 ਕਰੋੜ ਰੁਪਏ ਹੋ ਗਈ ਹੈ। ਇਹ ਤਬਦੀਲੀ ਸਿਰਫ ਅੰਕੜਿਆਂ ਬਾਰੇ ਨਹੀਂ ਹੈ, ਬਲਕਿ ਮਾਨਸਿਕਤਾ ਬਾਰੇ ਵੀ ਹੈ।’’

ਰੱਖਿਆ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਵਿਚ ਰੱਖਿਆ ਉਪਕਰਣਾਂ ਦੇ ਸਵਦੇਸ਼ੀ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਪਿਛਲੇ 10 ਸਾਲਾਂ ਵਿਚ ਕਈ ਨੀਤੀਗਤ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਤਹਿਤ ਹੁਣ ਫ਼ੌਜੀ ਹਾਰਡਵੇਅਰ ਦੀ ਖਰੀਦ ਵਿਚ ਘਰੇਲੂ ਸਰੋਤਾਂ ਨੂੰ ਸੱਭ ਤੋਂ ਵੱਧ ਤਰਜੀਹ ਦਿਤੀ  ਜਾ ਰਹੀ ਹੈ। ਸਿੰਘ ਨੇ 2047 ਤਕ ਇਕ ਵਿਕਸਤ ਦੇਸ਼ ਬਣਨ ਦੇ ਭਾਰਤ ਦੇ ਸਮੁੱਚੇ ਟੀਚੇ ਨੂੰ ਸਾਕਾਰ ਕਰਨ ਲਈ ਰੱਖਿਆ ਖੇਤਰ ਵਿਚ ਟੀਚਿਆਂ ਨੂੰ ਵੀ ਸੂਚੀਬੱਧ ਕੀਤਾ।