CJI ’ਤੇ ਜੁੱਤੀ ਸੁੱਟਣ ਵਾਲੇ ਵਕੀਲ ਰਾਕੇਸ਼ ਕਿਸ਼ੋਰ ਦਾ ਬਿਆਨ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ : ਮੈਂ ਜੋ ਕੁੱਝ ਵੀ ਕੀਤਾ ਉਸ ਦਾ ਮੈਨੂੰ ਕੋਈ ਪਛਤਾਵਾ ਨਹੀਂ

Statement of lawyer Rakesh Kishor who threw shoe at CJI comes to light

ਨਵੀਂ ਦਿੱਲੀ : ਚੀਫ਼ ਜਸਟਿਸ ਬੀ.ਆਰ. ਗਵਈ ’ਤੇ ਜੁੱਤੀ ਸੁੱਟਣ ਵਾਲੇ ਵਕੀਲ ਰਾਕੇਸ਼ ਕਿਸ਼ੋਰ ਨੇ ਕਿਹਾ ਕਿ ਮੈਂ ਭਗਵਾਨ ਵਿਸ਼ਨੂੰ ਬਾਰੇ ਸੀ.ਜੇ.ਆਈ. ਦੇ ਬਿਆਨ ਤੋਂ ਦੁਖੀ ਹਾਂ। ਇਹ ਉਨ੍ਹਾਂ ਦੇ ਕੰਮਾਂ ਪ੍ਰਤੀ ਮੇਰੀ ਪ੍ਰਤੀਕਿਰਿਆ ਸੀ। ਮੈਂ ਸ਼ਰਾਬੀ ਨਹੀਂ ਸੀ। ਮੈਨੂੰ ਜੋ ਹੋਇਆ ਉਸ ’ਤੇ ਕੋਈ ਪਛਤਾਵਾ ਨਹੀਂ ਹੈ ਅਤੇ ਨਾ ਹੀ ਮੈਂ ਕਿਸੇ ਤੋਂ ਡਰਦਾ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਇਹ ਹੀ ਚੀਫ਼ ਜਸਟਿਸ ਕਈ ਧਰਮਾਂ ਅਤੇ ਹੋਰ ਭਾਈਚਾਰਿਆਂ ਦੇ ਲੋਕਾਂ ਵਿਰੁੱਧ ਮਾਮਲਿਆਂ ਵਿਚ ਸਖ਼ਤ ਕਦਮ ਚੁੱਕਦੇ ਹਨ। ਉਦਾਹਰਣ ਵਜੋਂ ਹਲਦਵਾਨੀ ਵਿਚ ਇਕ ਖਾਸ ਭਾਈਚਾਰਾ ਰੇਲਵੇ ਦੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ। ਸੁਪਰੀਮ ਕੋਰਟ ਨੇ ਤਿੰਨ ਸਾਲ ਪਹਿਲਾਂ ਇਸ ’ਤੇ ਰੋਕ ਲਗਾ ਦਿੱਤੀ ਸੀ, ਜੋ ਅੱਜ ਤੱਕ ਲਾਗੂ ਹੈ।

ਇਸ ਘਟਨਾ ਬਾਰੇ ਐਸ.ਸੀ. ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਸਿੰਘ ਨੇ ਕਿਹਾ ਭਗਵਾਨ ਵਿਸ਼ਨੂੰ ਮੂਰਤੀ ਮਾਮਲੇ ਵਿਚ ਸੀ.ਜੇ.ਆਈ. ਦੀਆਂ ਟਿੱਪਣੀਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ, ਜਿਸ ਨਾਲ ਇਹ ਜਾਪਦਾ ਹੈ ਕਿ ਸੀ.ਜੇ.ਆਈ. ਨੇ ਦੇਵਤਾ ਦਾ ਅਪਮਾਨ ਕੀਤਾ ਹੈ। ਵਕੀਲ ਨੇ ਇਹ ਪ੍ਰਚਾਰ ਹਾਸਲ ਕਰਨ ਲਈ ਕੀਤਾ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੀ.ਜੇ.ਆਈ. ਦਾ ਬੈਂਚ ਇਕ ਕੇਸ ਦੀ ਸੁਣਵਾਈ ਕਰ ਰਿਹਾ ਸੀ, ਜਦੋਂ ਦੋਸ਼ੀ ਨੇ ਸੀ.ਜੇ.ਆਈ. ’ਤੇ ਜੁੱਤੀ ਸੁੱਟੀ। ਹਾਲਾਂਕਿ ਜੁੱਤੀ ਉਨ੍ਹਾਂ ਦੇ ਬੈਂਚ ਤੱਕ ਨਹੀਂ ਪਹੁੰਚੀ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਵਕੀਲ ਨੂੰ ਫੜ ਲਿਆ।