ਗੁਰਪੁਰਬ ਨੂੰ ਸਮਰਪਿਤ ਯਾਤਰਾ ਦਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿੱਖੇ ਨਿੱਘਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਗੁਰਪੁਰਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਿਆਈ ਗੁਰਪੁਰਬ ਨੂੰ ਸਮਰਪਿਤ ਯਾਤਰਾ

Warm welcome at Takht Sachkhand Sri Hazur Sahib for the yatra dedicated to Gurpurab

ਨਾਂਦੇੜ: ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਗੁਰਪੁਰਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਗੁਰਿਆਈ ਗੁਰਪੁਰਬ ਦੇ ਮੌਕੇ'ਤੇ ਧਰਮ ਪ੍ਰਚਾਰ ਕਮੇਟੀ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਧੋਬੜੀ ਸਾਹਿਬ, ਆਸਾਮ ਤੋਂ ਵਿਸ਼ੇਸ਼ ਯਾਤਰਾ ਸ਼ੁਰੂ ਹੋਈ। ਇਹ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੋਂ ਹੁੰਦੀ ਹੋਈ 5 ਅਕਤੂਬਰ ਨੂੰ ਸ਼ਾਮ 8 ਵਜੇ ਬਿਦਰ-ਦੇਗਲੂਰ ਰਾਹੀਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਪੁੱਜੀ। ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕੀ ਸਾਹਿਬ ਦੀ ਗੱੜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸਕ ਪੁਰਾਤਨ ਸ਼ਸਤਰਾਂ ਦੀ ਪਾਲਕੀ ਸਾਹਿਬ ਵੀ ਨਾਲ ਸੁਸ਼ੋਭਿਤ ਸਨ।

ਮਿਤੀ 6 ਅਕਤੂਬਰ ਨੂੰ ਤਖ਼ਤ ਸਾਹਿਬ ਵਿੱਖੇ ਵਿਸ਼ਾਲ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੀ ਹਰਮਿੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਅਤੇ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਹਜ਼ੂਰੀ ਰਾਗੀ, ਕਥਾਕਾਰ ਵੱਲੋਂ ਰਾਤ 8 ਵਜੇ ਤੋਂ ਗੁਰਮਤਿ ਵਿਚਾਰਾਂ ਦੇ ਨਾਲ ਅੰਮ੍ਰਿਤਮਈ ਕੀਰਤਨ ਕੀਤਾ ਗਿਆ। ਹਜ਼ੂਰੀ ਸੰਗਤਾਂ ਨੇ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਆਪਣੀਆਂ ਸ਼ਰਧਾਵਾਂ ਪ੍ਰਗਟ ਕੀਤੀਆਂ।

ਇਸ ਯਾਤਰਾ ਦੇ ਸਵਾਗਤ ਅਤੇ ਗੁਰਮਤਿ ਸਮਾਗਮ ਦਾ ਸਾਰਾ ਪ੍ਰਬੰਧ ਗੁਰਦੁਆਰਾ ਬੋਰਡ ਦੇ ਪ੍ਰਸ਼ਾਸਕ ਡਾ. ਸ੍ਰ. ਵਿਜੇ ਸਤਬੀਰ ਸਿੰਘ ਜੀ ਦੀ ਅਗਵਾਈ ਹੇਠ ਕੀਤਾ ਗਿਆ। ਯਾਤਰਾ ਦੇ ਸਵਾਗਤ ਲਈ, ਵੱਖ-ਵੱਖ ਥਾਵਾਂ'ਤੇ ਸਵਾਗਤੀ ਕਮਾਨ, ਬੈਨਰ, ਛਬੀਲ ਲਗਾਈ ਗਈ। ਯਾਤਰਾ ਦਾ ਸਵਾਗਤ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ, ਨਾਲ ਹੀ ਗੁਰੂ ਮਹਾਰਾਜ ਦੇ ਘੋੜੇ, ਭਜਨ ਮੰਡਲੀ, ਗਤਕਾ ਪਾਰਟੀ ਨਾਲ ਨਗਰ ਕੀਰਤਨ ਦੇ ਰੂਪ ਵਿੱਚ ਯਾਤਰਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪੁੱਜੀ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪੁੱਜਨ ਤੇ ਤਖ਼ਤ ਸਾਹਿਬ ਦੇ ਮਾਨਯੋਗ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂੰਹ ਪੰਜ ਪਿਆਰੇ ਸਾਹਿਬਾਂਨ ਵੱਲੋਂ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਹ ਯਾਤਰਾ ਮਿਤੀ 7 ਅਕਤੂਬਰ ਨੂੰ ਸਵੇਰੇ 9 ਵਜੇ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਅਗਲੇ ਪੜਾ ਲਈ ਗੁਰਦੁਆਰਾ ਗੇਟ ਨੰ.1 - ਗੁਰਦੁਆਰਾ ਚੌਰਸਤਾ - ਗੁਰਦੁਆਰਾ ਲੰਗਰ ਸਾਹਿਬ - ਗੁਰਦੁਆਰਾ ਨਗੀਨਾ ਘਾਟ ਸਾਹਿਬ ਗੁਰਦੁਆਰਾ ਤਪ ਅਸਥਾਨ ਸਾਹਿਬ ਹੁੰਦੇ ਹੋਏ ਮਲਟੀਪਰਪਜ਼ ਹਾਈ ਸਕੂਲ - ਚਿਖਲਵਾੜੀ ਕਾਰਨਰ - ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਜਾਇਬ ਘਰ - ਨਮਸਕਾਰ ਚੌਂਕ - ਗੁਰਦੁਆਰਾ ਮਾਲਟੇਕੜੀ ਸਾਹਿਬ ਤੋਂ ਅੱਗੇ ਰਵਾਨਾ ਹੋਈ। ਆਗਮਨ ਦੀ ਤਰ੍ਹਾਂ ਰਵਾਨਗੀ ਦੇ ਸਮੇਂ ਵੀ ਯਾਤਰਾ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਰਵਾਨਾ ਕੀਤਾ ਗਿਆ। ਇਸ ਸਮੇਂ ਗੁਰਦੁਆਰਾ ਬੋਰਡ ਦੇ ਸਮੂੰਹ ਅਧਿਕਾਰੀ, ਸਮੂੰਹ ਸਟਾਫ ਅਤੇ ਹਜ਼ੂਰੀ ਸਾਧ ਸੰਗਤ ਵੱੜੀ ਗਿਣਤੀ ਵਿੱਚ ਹਾਜ਼ਰ ਸਨ।