ਰਾਮ ਰਹੀਮ 'ਤੇ ਮਿਹਰਬਾਨ ਹੋਈ ਹਰਿਆਣਾ ਸਰਕਾਰ, ਗੁਪਤ ਤਰੀਕੇ ਨਾਲ ਦਿਤੀ ਪੈਰੋਲ
ਬਿਮਾਰ ਮਾਂ ਨੂੰ ਮਿਲਣ ਲਈ ਦਿਤੀ ਇਕ ਦਿਨ ਦੀ ਪੈਰੋਲ
ਰੋਹਤਕ : ਜਬਰ ਜ਼ਿਨਾਹ ਅਤੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੀਤੇ ਦਿਨੀਂ ਇਕ ਦਿਨ ਦੀ ਪੈਰੋਲ ਮਿਲੀ ਸੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਭਾਜਪਾ-ਜੇ.ਜੇ.ਪੀ. ਦੀ ਗਠਜੋੜ ਸਰਕਾਰ ਨੇ 24 ਅਕਤੂਬਰ ਨੂੰ ਇਕ ਦਿਨ ਲਈ ਰਾਮ ਰਹੀਮ ਨੂੰ ਪੈਰੋਲ ਦਿਤੀ ਸੀ।
ਰਾਮ ਰਹੀਮ ਜਬਰ ਜ਼ਿਨਾਹ ਅਤੇ ਕਤਲ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰੋਹਤਕ ਦੀ ਜੇਲ 'ਚ ਬੰਦ ਹਨ। ਸੂਤਰਾਂ ਨੇ ਦਸਿਆ ਕਿ ਰਾਮ ਰਹੀਮ ਨੂੰ ਬੀਮਾਰ ਮਾਂ ਨੂੰ ਮਿਲਣ ਲਈ ਇਕ ਦਿਨ ਦੀ ਪੈਰੋਲ ਮਿਲੀ ਸੀ ਅਤੇ ਉਹ ਗੁਰੂਗ੍ਰਾਮ ਦੇ ਇਕ ਹਸਪਤਾਲ 'ਚ ਦਾਖ਼ਲ ਹੈ। ਰਾਮ ਰਹੀਮ ਨੂੰ ਸੁਨਾਰੀਆ ਜੇਲ ਤੋਂ ਗੁਰੂਗ੍ਰਾਮ ਹਸਪਤਾਲ ਤਕ ਭਾਰੀ ਸੁਰੱਖਿਆ ਦਰਮਿਆਨ ਲਿਜਾਇਆ ਗਿਆ।
ਸੂਤਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ 24 ਅਕਤੂਬਰ ਦੀ ਸ਼ਾਮ ਤਕ ਅਪਣੀ ਮਾਂ ਨਾਲ ਰਿਹਾ। ਸੂਤਰਾਂ ਅਨੁਸਾਰ ਹਰਿਆਣਾ ਪੁਲਿਸ ਦੀ ਤਿੰਨ ਟੁੱਕੜੀਆਂ ਤਾਇਨਾਤ ਰਹੀਆਂ। ਇਕ ਟੁੱਕੜੀ 'ਚ 80 ਤੋਂ 100 ਜਵਾਨ ਸਨ। ਡੇਰਾ ਚੀਫ਼ ਨੂੰ ਜੇਲ ਤੋਂ ਪੁਲਿਸ ਦੀ ਇਕ ਗੱਡੀ 'ਚ ਲਿਆਂਦਾ ਗਿਆ। ਦਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸੁਰੱਖਿਆ ਵਿਵਸਥਾ ਦੀ ਅਪੀਲ ਮਿਲੀ ਸੀ ਅਤੇ 24 ਅਕਤੂਬਰ ਨੂੰ ਸਵੇਰ ਤੋਂ ਲੈ ਕੇ ਸ਼ਾਮ ਤਕ ਸੁਰੱਖਿਆ ਉਪਲੱਬਧ ਕਰਵਾਈ ਗਈ ਸੀ।
ਦਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਤੇ ਕੁੱਝ ਸੀਨੀਅਰ ਹਰਿਆਣਾ ਦੇ ਸਰਕਾਰੀ ਅਧਿਕਾਰੀਆਂ ਨੂੰ ਹੀ ਇਸ ਦੀ ਜਾਣਕਾਰੀ ਸੀ। ਇਸ ਤੋਂ ਪਹਿਲਾਂ ਹੀ ਰਾਮ ਰਹੀਮ ਨੂੰ ਪੈਰੋਲ ਦੇਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਹਾਲਾਂਕਿ ਸਰਕਾਰ ਨੇ ਪੈਰੋਲ ਦੇਣ ਤੋਂ ਇਨਕਾਰ ਕੀਤਾ ਸੀ ਪਰ ਹੁਣ ਪੈਰੋਲ ਦੇਣ ਦੇ ਤਰੀਕੇ 'ਤੇ ਸਵਾਲ ਉੱਠ ਰਹੇ ਹਨ।