UP 'ਚ ਕੈਦੀ ਦੀ ਮੌਤ ਤੋਂ ਬਾਅਦ ਕੈਦੀਆਂ ਨੇ ਕੀਤਾ ਪਥਰਾਅ, 30 ਪੁਲਿਸ ਮੁਲਾਜ਼ਮ ਤੇ 32 ਕੈਦੀ ਜ਼ਖਮੀ
ਕਰੀਬ ਚਾਰ ਘੰਟੇ ਤੱਕ ਚੱਲੇ ਇਸ ਹੰਗਾਮੇ ਵਿਚ ਡਿਪਟੀ ਜੇਲ੍ਹਰ ਸਮੇਤ 32 ਕੈਦੀ ਅਤੇ 30 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਲਖਨਊ - ਉੱਤਰ ਪ੍ਰਦੇਸ਼ ਦੀ ਇੱਕ ਜੇਲ੍ਹ ਵਿਚ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਉੱਤਰ ਪ੍ਰਦੇਸ਼ ਦੀ ਫਤਿਹਗੜ੍ਹ ਜੇਲ੍ਹ 'ਚ ਐਤਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਕੈਦੀ ਦੀ ਮੌਤ ਹੋ ਗਈ। ਇਕ ਕੈਦੀ ਦੀ ਮੌਤ ਤੋਂ ਬਾਅਦ ਬਾਕੀ ਕੈਦੀਆਂ ਨੇ ਜੇਲ੍ਹ ਨੂੰ ਅੱਗ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਅੱਗ ਲਗਾਉਣ ਤੋਂ ਬਾਅਦ ਕੈਦੀਆਂ ਨੇ ਪਥਰਾਅ ਕੀਤਾ ਅਤੇ ਫਾਇਰਿੰਗ ਵੀ ਕੀਤੀ। ਕਰੀਬ ਚਾਰ ਘੰਟੇ ਤੱਕ ਚੱਲੇ ਇਸ ਹੰਗਾਮੇ ਵਿਚ ਡਿਪਟੀ ਜੇਲ੍ਹਰ ਸਮੇਤ 32 ਕੈਦੀ ਅਤੇ 30 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਿਚ ਹੋਏ ਹੰਗਾਮੇ ਵਿਚ ਇੱਕ ਸਿਪਾਹੀ ਅਤੇ ਇੱਕ ਕੈਦੀ ਗੰਭੀਰ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਇਕ ਫੌਜੀ ਦੇ ਪੇਟ 'ਚ ਗੋਲੀ ਲੱਗੀ ਹੈ, ਜਦਕਿ ਫੌਜੀ ਦੀ ਅੱਖ ਕੋਲ ਪੱਥਰ ਲੱਗਿਆ ਹੈ, ਇਹਨਾਂ ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਤਿੰਨ ਕੈਦੀਆਂ ਨੂੰ ਵੀ ਗੋਲੀ ਲੱਗਣ ਦੀ ਸੂਚਨਾ ਹੈ, ਹਾਲਾਂਕਿ ਅਧਿਕਾਰੀ ਅਜੇ ਵੀ ਪੂਰੇ ਮਾਮਲੇ ਦੀ ਤਸਵੀਰ ਸਾਫ਼ ਕਰਨ ਤੋਂ ਬਚ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਜੇਲ੍ਹ 'ਚ ਸੰਦੀਪ ਨਾਂ ਦਾ ਕੈਦੀ ਬੰਦ ਸੀ, ਜਿਸ 'ਤੇ ਕਤਲ ਦਾ ਮਾਮਲਾ ਚੱਲ ਰਿਹਾ ਸੀ। ਉਸ ਦੀ ਤਬੀਅਤ ਖ਼ਰਾਬ ਹੋਣ ਮਗਰੋਂ ਉਸ ਨੂੰ ਸੈਫ਼ਈ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਹੰਗਾਮਾ ਸ਼ੁਰੂ ਕਰ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਜੇਲ੍ਹ 'ਚ ਹੰਗਾਮੇ ਦੌਰਾਨ ਤਿੰਨ ਵਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਫਿਲਹਾਲ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਦੀਆਂ ਨੇ ਸਵੇਰੇ ਡਿਪਟੀ ਜੇਲਰ ਸ਼ੈਲੇਸ਼ ਕੁਮਾਰ 'ਤੇ ਹਮਲਾ ਕਰ ਦਿੱਤਾ ਸੀ। ਉਸ ਨੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਹਿਲਾਂ ਤਾਂ ਜੇਲ੍ਹ ਪ੍ਰਸ਼ਾਸਨ ਅੰਦਰੋ-ਅੰਦਰੀ ਮਾਮਲੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਰਿਹਾ, ਜਦੋਂ ਸਥਿਤੀ ਕਾਬੂ ਵਿੱਚ ਨਾ ਆਈ ਤਾਂ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਜੇਲ੍ਹ ਵਿਚ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਇਸ ਦੇ ਨਾਲ ਹੀ ਭਾਰੀ ਪੁਲਿਸ ਫੋਰਸ ਦੇ ਨਾਲ ਪੁਲਿਸ ਸੁਪਰਡੈਂਟ ਅਸ਼ੋਕ ਕੁਮਾਰ ਮੀਨਾ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਸੰਜੇ ਕੁਮਾਰ ਸਿੰਘ, ਮਿਉਂਸਪਲ ਮੈਜਿਸਟ੍ਰੇਟ ਅਤੇ ਲਗਭਗ ਸਾਰੇ ਥਾਣਿਆਂ ਦੀ ਫੋਰਸ ਐਸਓਜੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਸੁਪਰਡੈਂਟ ਅਸ਼ੋਕ ਮੀਨਾ ਨੇ ਦੱਸਿਆ ਕਿ ਜੇਲ੍ਹ 'ਚ ਪਥਰਾਅ ਦੌਰਾਨ 30 ਪੁਲਿਸ ਕਾਂਸਟੇਬਲ ਜ਼ਖਮੀ ਹੋ ਗਏ। ਜੇਲ੍ਹ ਦੀ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਗਿਆ ਹੈ। ਕੈਦੀਆਂ ਨੇ ਸਰਕਾਰੀ ਜਾਇਦਾਦ ਦਾ ਬਹੁਤ ਨੁਕਸਾਨ ਕੀਤਾ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।