ਗਰਭਵਤੀ ਮਹਿਲਾ ਦਾ ਇਲਾਜ ਕਰਨ ਦੀ ਬਜਾਏ ਹਸਪਤਾਲ ਸਟਾਫ ਮਨਾਉਂਦਾ ਰਿਹਾ ਦੀਵਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਔਰਤ ਦੀ ਤੜਫ-ਤੜਫ ਹੋਈ ਮੌਤ

file photo

 

ਸਾਗਰ: ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ਦੇ ਮੈਟਰਨਿਟੀ ਵਾਰਡ 'ਚ ਸਟਾਫ ਦੀ ਲਾਪਰਵਾਹੀ ਕਾਰਨ ਕਥਿਤ ਤੌਰ 'ਤੇ 26 ਸਾਲਾ ਔਰਤ ਦੀ ਮੌਤ ਹੋਣ ਤੋਂ ਬਾਅਦ ਇਕ ਨਰਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਕ ਡਾਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

 

 

ਇਹ ਕਾਰਵਾਈ ਮੀਡੀਆ ਰਿਪੋਰਟਾਂ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਇਸ ਔਰਤ ਦੀ ਮੌਤ ਤੋਂ ਪਹਿਲਾਂ ਵਾਰਡ ਦੇ ਬਾਹਰ ਗਲਿਆਰੇ ਵਿਚ ਸਟਾਫ ਦੇ ਕੁਝ ਮੈਂਬਰ ਪਟਾਕੇ ਚਲਾ ਰਹੇ ਸਨ ਅਤੇ ਉਨ੍ਹਾਂ ਨੇ ਉਸ ਦੀ ਦੇਖਭਾਲ ਵਿਚ ਲਾਪਰਵਾਹੀ ਵਰਤੀ ਸੀ। ਔਰਤ ਦੀ ਵੀਰਵਾਰ ਰਾਤ ਬੁੰਦੇਲਖੰਡ ਮੈਡੀਕਲ ਹਸਪਤਾਲ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਦੀ ਪਟਾਕੇ ਚਲਾ ਕੇ ਦੀਵਾਲੀ ਮਨਾਉਣ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

 

ਬੁੰਦੇਲਖੰਡ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਬੁਲਾਰੇ ਡਾਕਟਰ ਉਮੇਸ਼ ਪਟੇਲ ਨੇ ਸ਼ਨੀਵਾਰ ਨੂੰ ਕਿਹਾ ਕਿ ਮੀਡੀਆ ਰਿਪੋਰਟਾਂ ਅਤੇ ਵੀਡੀਓਜ਼ ਦੇ ਆਧਾਰ 'ਤੇ, ਇੱਕ ਨਰਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਇੱਕ ਡਾਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਪੰਜ ਇੰਟਰਨਜ਼ ਨੂੰ ਚੇਤਾਵਨੀ ਪੱਤਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜ ਇੰਟਰਨਜ਼ ਨੂੰ ਗਾਇਨੀਕੋਲੋਜੀ ਵਿਭਾਗ ਦੇ ਮੈਟਰਨਟੀ ਰੂਮ ਅਤੇ ਅਪਰੇਸ਼ਨ ਰੂਮ ਦੀਆਂ ਡਿਊਟੀਆਂ ਤੋਂ ਵੀ ਹਟਾ ਦਿੱਤਾ ਗਿਆ ਹੈ। ਚੇਤਾਵਨੀ ਪੱਤਰ ਵਿੱਚ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਟਾਫ ਦੀ ਲਾਪਰਵਾਹੀ ਕਾਰਨ ਔਰਤ ਦੀ ਮੌਤ ਹੋਈ ਹੈ।

 

ਪੱਤਰ ਵਿੱਚ ਕਿਹਾ ਗਿਆ ਹੈ, "ਵੀਡੀਓ ਫੁਟੇਜ ਦੇਖਣ ਅਤੇ ਸਟਾਫ ਤੋਂ ਜਾਣਕਾਰੀ ਲੈਣ ਤੋਂ ਬਾਅਦ, ਘਟਨਾ (ਜਿਵੇਂ ਕਿ ਸਥਾਨਕ ਮੀਡੀਆ ਵਿੱਚ ਰਿਪੋਰਟ ਕੀਤੀ ਗਈ ਹੈ) ਸੱਚੀ ਪਾਈ ਗਈ।" ਪੁਲਿਸ ਸੁਪਰਡੈਂਟ (ਸਿਟੀ) ਰਵਿੰਦਰ ਮਿਸ਼ਰਾ ਨੇ ਦੱਸਿਆ ਕਿ ਔਰਤ ਦੇ ਪਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਣੇਪੇ ਤੋਂ ਬਾਅਦ ਕੁਝ ਟੀਕੇ ਲਗਾਉਣ ਨਾਲ ਉਸਦੀ ਪਤਨੀ ਦੀ ਮੌਤ ਹੋ ਗਈ। ਔਰਤ ਨੇ ਬੱਚੇ ਨੂੰ ਜਨਮ ਦਿੱਤਾ ਸੀ। ਉਸ ਨੇ ਕਿਹਾ ਕਿ ਉਸ ਦਾ ਵਿਸੇਰਾ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ, ਪਰ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ ਕਿਉਂਕਿ ਜਾਂਚ ਰਿਪੋਰਟ ਦੀ ਉਡੀਕ ਹੈ।