33,333 ਫੁੱਟ ਦੀ ਉਚਾਈ ਤੋਂ ਬਿਨਾਂ ਪੈਰਾਸ਼ੂਟ ਡਿੱਗ ਕੇ ਬਚਣ ਵਾਲੀ ਔਰਤ ਦੀ ਕਹਾਣੀ ਗਿਨੀਜ਼ ਬੁੱਕ ਨੇ ਕੀਤੀ ਸ਼ੇਅਰ
ਇਹ ਵਿਸ਼ਵ ਰਿਕਾਰਡ ਫ਼ਲਾਈਟ ਅਟੈਂਡੈਂਟ ਵੇਸਨਾ ਵੁਲੋਵਿਕ ਨਾਂਅ ਦੀ ਔਰਤ ਨੇ ਬਣਾਇਆ ਜਦੋਂ 1972 ਵਿੱਚ ਉਹ ਇੱਕ DC-9 ਜਹਾਜ਼ ਵਿੱਚ ਸਵਾਰ ਸੀ।
ਸਰਬੀਆ - ਗਿਨੀਜ਼ ਵਰਲਡ ਰਿਕਾਰਡਜ਼ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਔਰਤ ਦੀ ਇੱਕ ਸ਼ਾਨਦਾਰ ਕਹਾਣੀ ਸਾਂਝੀ ਕੀਤੀ, ਜਿਸ ਨੇ ਬੇਹੱਦ ਖ਼ਤਰਨਾਕ ਹਾਲਾਤਾਂ 'ਚੋਂ ਬਚਾਅ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਮਨੁੱਖੀ ਇਤਿਹਾਸ ਵਿੱਚ ਇਹ ਬਿਨਾਂ ਪੈਰਾਸ਼ੂਟ ਸਭ ਤੋਂ ਵੱਧ ਉਚਾਈ ਤੋਂ ਹੋਇਆ ਬਚਾਅ ਹੈ।
ਇਹ ਵਿਸ਼ਵ ਰਿਕਾਰਡ ਫ਼ਲਾਈਟ ਅਟੈਂਡੈਂਟ ਵੇਸਨਾ ਵੁਲੋਵਿਕ ਨਾਂਅ ਦੀ ਔਰਤ ਨੇ ਬਣਾਇਆ ਜਦੋਂ 1972 ਵਿੱਚ ਉਹ ਇੱਕ DC-9 ਜਹਾਜ਼ ਵਿੱਚ ਸਵਾਰ ਸੀ। ਇਹ ਜਹਾਜ਼ ਸਵੀਡਨ ਦੇ ਸਟਾਕਹੋਮ ਅਤੇ ਸਰਬੀਆ ਦੇ ਬੇਲਗ੍ਰੇਡ ਵਿਚਕਾਰ ਉਡਾਣ ਭਰ ਰਿਹਾ ਸੀ ਜਦੋਂ ਸਮਾਨ ਦੇ ਡੱਬੇ ਵਿੱਚ ਰੱਖਿਆ ਇੱਕ ਬ੍ਰੀਫ਼ਕੇਸ ਬੰਬ ਫ਼ਟ ਗਿਆ ਅਤੇ ਵੇਸਨਾ ਨੂੰ ਛੱਡ ਕੇ ਬਾਕੀ ਸਾਰੇ ਲੋਕਾਂ ਦੀ ਮੌਤ ਹੋ ਗਈ। ਵੀਡੀਓ ਸ਼ੇਅਰ ਕਰਦੇ ਹੋਏ ਗਿਨੀਜ਼ ਵਰਲਡ ਰਿਕਾਰਡਜ਼ ਨੇ ਲਿਖਿਆ, ''ਇਹ ਉਸ ਔਰਤ ਦੀ ਅਦੁੱਤੀ ਕਹਾਣੀ ਹੈ ਜੋ 33,333 ਫੁੱਟ ਦੀ ਉਚਾਈ ਤੋਂ ਡਿੱਗ ਕੇ ਬਚ ਗਈ...''
ਗਿਨੀਜ਼ ਵਰਲਡ ਰਿਕਾਰਡਜ਼ ਦੇ ਇੱਕ ਬਲਾਗ ਦੇ ਅਨੁਸਾਰ, ਵੇਸਨਾ ਦੇ ਬਚਾਅ ਦਾ ਮੁੱਖ ਸਿਹਰਾ ਜਹਾਜ਼ ਦੇ ਫ਼ੂਡ ਕਾਰਟ ਦੁਆਰਾ ਨੂੰ ਜਾਂਦਾ ਹੈ, ਜੋ ਜਹਾਜ਼ ਤੋਂ ਵੱਖ ਹੋ ਗਿਆ ਸੀ, ਅਤੇ ਵੇਸਨਾ ਇਸ 'ਚ ਅਟਕ ਗਈ ਸੀ। ਵੇਸਨਾ ਨੂੰ ਨਾਲ ਲੈ ਕੇ ਇਹ ਫ਼ੂਡ ਕਾਰਟ ਮੋਟੀ ਬਰਫ਼ ਵਾਲੇ ਇੱਕ ਇਲਾਕੇ ਵਿੱਚ ਦਾ ਡਿੱਗਿਆ। ਜਿੱਥੇ ਵੇਸਨਾ ਡਿੱਗੀ, ਉੱਥੇ ਉਸ ਦੀਆਂ ਚੀਕਾਂ ਸੁਣ ਕੇ ਸਭ ਤੋਂ ਪਹਿਲਾਂ ਦੂਜੇ ਵਿਸ਼ਵ ਯੁੱਧ ਦੇ ਇੱਕ ਡਾਕਟਰ ਬਰੂਨੋ ਹੋਨਕੇ ਪਹੁੰਚੇ, ਅਤੇ ਬਚਾਅ ਟੀਮ ਦੇ ਪਹੁੰਚਣ ਤੋਂ ਪਹਿਲਾਂ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ।
ਵੇਸਨਾ ਦੇ ਪਹਿਲੇ ਕੁਝ ਦਿਨ ਕੋਮਾ 'ਚ ਬੀਤੇ। ਉਸ ਦੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚ ਖੋਪੜੀ, ਲੱਤਾਂ ਅਤੇ ਪਸਲੀਆਂ 'ਚ ਆਏ ਫਰੈਕਚਰ ਸ਼ਾਮਲ ਸਨ। ਹਾਲਾਂਕਿ, ਉਹ ਕੁਝ ਮਹੀਨਿਆਂ ਵਿੱਚ ਆਪਣੇ ਪੈਰਾਂ 'ਤੇ ਮੁੜ ਖੜ੍ਹੀ ਹੋ ਗਈ ਸੀ। 1985 ਵਿੱਚ ਸੰਸਥਾ ਦੇ ਹਾਲ ਆਫ਼ ਫ਼ੇਮ ਸਮਾਰੋਹ ਵਿੱਚ, ਵੇਸਨਾ ਨੂੰ ਇਸ ਅਦੁੱਤੀ ਕਾਰਨਾਮੇ ਵਾਸਤੇ ਪਾਲ ਮੈਕਕਾਰਟਨੀ ਨੇ ਇੱਕ ਸਰਟੀਫ਼ਿਕੇਟ ਅਤੇ ਮੈਡਲ ਪ੍ਰਦਾਨ ਕੀਤਾ।