Punjab-Delhi Airport Security Double: ਪੰਜਾਬ ਅਤੇ ਦਿੱਲੀ ਦੇ ਹਵਾਈ ਅੱਡਿਆਂ ਦੀ ਸੁਰੱਖਿਆ ਹੋਈ ਦੁੱਗਣੀ; BCAS ਵਲੋਂ ਹੁਕਮ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਟੈਂਪਰੇਰੀ ਏਅਰਪੋਰਟ ਐਂਟਰੀ ਪਾਸ 'ਤੇ ਪੂਰੀ ਤਰ੍ਹਾਂ ਪਾਬੰਦੀ

Punjab Delhi Airport Security Doubled (File Image)

Punjab Delhi Airport Security Double: ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਪੰਨੂ ਦੀ ਧਮਕੀ ਤੋਂ ਬਾਅਦ ਭਾਰਤ ਸਰਕਾਰ ਚੌਕਸ ਹੋ ਗਈ ਹੈ। ਭਾਰਤ ਦੇ ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਊਰੋ (BCAS) ਨੇ ਸੋਮਵਾਰ ਨੂੰ ਇਸ ਸਬੰਧੀ ਸਖ਼ਤ ਹੁਕਮ ਜਾਰੀ ਕੀਤੇ ਹਨ, ਜਿਸ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।

ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਦੇ ਯਾਤਰੀਆਂ ਨੂੰ 30 ਨਵੰਬਰ ਤਕ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਅਤੇ ਪੰਜਾਬ ਦੇ ਸਾਰੇ ਹਵਾਈ ਅੱਡਿਆਂ 'ਤੇ ਦੋਹਰੀ ਸੁਰੱਖਿਆ ਜਾਂਚ ਵਿਚੋਂ ਗੁਜ਼ਰਨਾ ਪਵੇਗਾ। ਸੁਰੱਖਿਆ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਇਸ ਫੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿਤੇ ਹਨ।

ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਊਰੋ ਨੇ ਕਿਹਾ ਕਿ ਹਵਾਈ ਅੱਡਿਆਂ, ਏਅਰਫੀਲਡ, ਏਅਰ ਫੋਰਸ ਸਟੇਸ਼ਨ, ਹੈਲੀਪੈਡ, ਫਲਾਇੰਗ ਸਕੂਲ, ਹਵਾਬਾਜ਼ੀ ਸਿਖਲਾਈ ਸੰਸਥਾਵਾਂ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਏਜੰਸੀਆਂ ਖ਼ਤਰੇ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੀਆਂ ਹਨ।

ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਫਿਲਹਾਲ TAEP (ਟੈਂਪਰੇਰੀ ਏਅਰਪੋਰਟ ਐਂਟਰੀ ਪਾਸ) 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਗਈ ਹੈ। ਇਹ ਹੁਕਮ ਇਸ ਮਹੀਨੇ ਦੀ 30 ਤਰੀਕ ਤਕ ਲਾਗੂ ਰਹਿਣਗੇ। ਹਵਾਈ ਅੱਡਿਆਂ 'ਤੇ ਘੁੰਮਣ ਲਈ ਟਿਕਟ ਲੈਣੀ ਪੈਂਦੀ ਹੈ, ਜਿਸ ਨੂੰ ਏਅਰਪੋਰਟ ਦੀ ਭਾਸ਼ਾ ਵਿਚ TAEP ਪਾਸ ਕਿਹਾ ਜਾਂਦਾ ਹੈ।

ਦਰਅਸਲ ਗਰਮਖਿਆਲੀ ਪੰਨੂ ਨੇ ਪਿਛਲੇ ਹਫ਼ਤੇ ਇਕ ਵੀਡੀਉ ਜਾਰੀ ਕਰਕੇ ਕਿਹਾ ਸੀ ਕਿ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਵਿਸ਼ਵ ਪੱਧਰ 'ਤੇ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਉਡਾਣ ਨਹੀਂ ਭਰਨ ਦਿਤੀ ਜਾਵੇਗੀ। ਇਸ ਤੋਂ ਇਲਾਵਾ ਪੰਨੂ ਨੇ 19 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਦ ਕਰਨ ਦੀ ਧਮਕੀ ਵੀ ਦਿਤੀ ਸੀ। ਪੰਨੂ ਨੇ ਕਿਹਾ ਕਿ 19 ਨਵੰਬਰ ਉਹੀ ਦਿਨ ਹੈ ਜਿਸ ਦਿਨ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਹੈ।