ਸਰੀਰਕ ਤੌਰ 'ਤੇ ਚੁਣੌਤੀਗ੍ਰਸਤ, ਪਰ ਬੇਟੇ ਨੂੰ ਫ਼ੌਜੀ ਬਣਾਉਣ ਲਈ ਚਲਾਉਂਦੀ ਹੈ ਈ-ਰਿਕਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹ ਅਪਣੇ ਬੇਟੇ ਦੁਰਗੇਸ਼ ਦੀ ਪੜ੍ਹਾਈ-ਲਿਖਾਈ ਲਈ ਹਰ ਰੋਜ਼ 300 ਰੁਪਏ ਵਖਰੇ ਤੌਰ 'ਤੇ ਕੱਢ ਲੈਂਦੀ ਹੈ ਤਾਂ ਕਿ ਉਸ ਨੂੰ ਕਿਸੇ ਵਧੀਆ ਸੈਨਿਕ ਸਕੂਲ ਵਿਚ ਦਾਖਲ ਕਰਾ ਸਕੇ।

Anjali driving E-Rickshaw

ਰਾਇਪੁਰ, ( ਭਾਸ਼ਾ ) : ਬੇਟੇ ਨੂੰ ਫ਼ੋਜ ਵਿਚ ਭਰਤੀ ਕਰਵਾਉਣ ਅਤੇ ਉਸ ਨੂੰ ਫ਼ੋਜੀ ਦੀ ਵਰਦੀ ਵਿਚ ਦੇਖਣ ਲਈ ਇਕ ਚੁਣੌਤੀਗ੍ਰਸਤ ਮਾਂ ਨੇ ਈ-ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ । ਉਹ ਅਪਣੇ ਬੇਟੇ ਦੀ ਸਰਹੱਦ 'ਤੇ ਤੈਨਾਤੀ ਨੂੰ ਲੈ ਕੇ ਸੁਪਨੇ ਦੇਖ ਰਹੀ ਹੈ। ਉਸ ਦਾ ਇਹ ਕੰਮ ਉਹਨਾਂ ਸਾਰੇ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹੈ ਜੋ ਸਰੀਰਕ ਪੱਖੋਂ ਅਸਮਰਥਾ ਨੂੰ ਅਪਣੀ ਜਿੰਦਗੀ ਦਾ ਸਰਾਪ ਮੰਨ ਬੈਠਦੇ ਹਨ। ਰਾਇਪੁਰ ਤੋਂ 10 ਕਿਲੋਮੀਟਰ ਦੂਰ ਸੇਜਬਹਾਰ ਇਲਾਕੇ ਵਿਚ ਰਹਿਣ ਵਾਲੀ ਅੰਜਲੀ ਤਿਵਾੜੀ ਬਚਪਨ ਤੋਂ ਹੀ ਦੋਹਾਂ ਪੈਰਾਂ ਤੋਂ ਲਾਚਾਰ ਹੈ।

ਵਿਆਹ ਹੋਇਆ ਤਾਂ ਉਸ ਦੇ ਪਤੀ ਪੂਰੀ ਤਰ੍ਹਾਂ ਠੀਕ ਸਨ ਪਰ ਅਚਾਨਕ ਬੀਮਾਰੀ ਨੇ ਉਹਨਾਂ ਨੂੰ ਘੇਰ ਲਿਆ। ਹੌਲੀ-ਹੌਲੀ ਪਤੀ ਦੇ ਲੀਵਰ ਨੇ 80 ਫ਼ੀ ਸਦੀ ਕੰਮ ਕਰਨਾ ਬੰਦ ਕਰ ਦਿਤਾ। ਇਸ ਕਾਰਨ ਉਸ ਦਾ ਕੰਮ 'ਤੇ ਜਾਣਾ ਵੀ ਬੰਦ ਹੋ ਗਿਆ। ਹੁਣ ਉਹ ਘਰ ਹੀ ਰਹਿੰਦੇ ਹਨ। ਉਹਨਾਂ ਦੀ ਦਵਾ ਵਿਚ ਹੀ ਹਜ਼ਾਰਾ ਰੁਪਏ ਖਰਚ ਹੋਣ ਲਗੇ। ਅੰਜਲੀ ਦੇ ਸਾਹਮਣੇ ਦੋ ਰਾਹ ਸਨ, ਜਾਂ ਤਾਂ ਹਾਰ ਮੰਨ ਜਾਵੇ ਜਾਂ ਫਿਰ ਇਸ ਮੁਸ਼ਕਲ ਸਮੇਂ ਦਾ ਡੱਟ ਕੇ ਮੁਕਾਬਲਾ ਕਰੇ। ਅੰਜਲੀ ਨੇ ਦੂਜਾ ਰਾਹ ਚੁਣਿਆ, ਜਿਸ ਨਾਲ ਅੰਜਲੀ ਦੀ ਜਿੰਦਗੀ ਬਦਲ ਗਈ। ਉਸ ਨੇ ਆਟੋ ਚਲਾਉਣ ਦਾ ਫੈਸਲਾ ਕੀਤਾ।

ਹਾਲਾਂਕਿ ਇਸ ਵਿਚ ਉਸ ਦੇ ਪੈਰਾਂ ਦੀ ਲਾਚਾਰਗੀ ਅਤੇ ਪੈਸੇ ਦੀ ਕਮੀ ਵਰਗੀਆਂ ਮੁਸ਼ਕਲਾਂ ਸਨ। ਆਖਰਕਾਰ ਅੰਜਲੀ ਨੇ ਹੁਣ ਤੱਕ ਜਮ੍ਹਾਂ ਕੀਤੀ ਹੋਈ ਅਪਣੀ ਸਾਰੀ ਪੂੰਜੀ ਖਰਚ ਕਰਨ ਤੋਂ ਬਾਅਦ ਇਕ ਈ-ਰਿਕਸ਼ਾ ਖਰੀਦ ਲਿਆ ਅਤੇ ਇਸ ਵਿਚ ਅਪਣੀ ਸਹੂਲਤ ਮੁਤਾਬਕ ਬਦਲਾਅ ਕਰਵਾਏ ਤਾਂ ਕਿ ਉਸ ਨੂੰ ਈ-ਰਿਕਸ਼ਾ ਚਲਾਉਣ ਵਿਚ ਕੋਈ ਪਰੇਸ਼ਾਨੀ ਨਾ ਆਵੇ। ਉਸ ਨੇ ਰਿਕਸ਼ਾ ਚਲਾਉਣਾ ਵੀ ਖ਼ੁਦ ਹੀ ਸਿੱਖਿਆ। ਅੰਜਲੀ ਘਰ ਦੇ ਰੋਜ਼ਾਨਾ ਕੰਮ ਵੀ ਕਰਦੀ ਹੈ, ਪਤੀ ਦੀ ਦੇਖਭਾਲ ਕਰਦੀ ਹੈ ਅਤੇ ਬੇਟੇ ਨੂੰ

ਸਕੂਲ ਭੇਜਣ ਤੋਂ ਬਾਅਦ 10 ਵਜੇ ਰਾਇਪੁਰ ਸ਼ਹਿਰ ਪਹੰਚ ਜਾਂਦੀ ਹੈ। ਈ-ਰਿਕਸ਼ਾ ਨਾਲ ਉਸ ਨੂੰ ਰੋਜ਼ਾਨਾ 700 ਤੋਂ 800 ਰੁਪਏ ਦੀ ਆਮਦਨੀ ਹੁੰਦੀ ਹੈ। ਉਹ ਅਪਣੇ ਬੇਟੇ ਦੁਰਗੇਸ਼ ਜੋ ਅਜੇ ਸਿਰਫ 6 ਸਾਲ ਦਾ ਹੈ, ਦੀ ਪੜ੍ਹਾਈ-ਲਿਖਾਈ ਲਈ ਹਰ ਰੋਜ਼ 300 ਰੁਪਏ ਵਖਰੇ ਤੌਰ 'ਤੇ ਕੱਢ ਲੈਂਦੀ ਹੈ ਤਾਂ ਕਿ ਉਸ ਨੂੰ ਕਿਸੇ ਵਧੀਆ ਸੈਨਿਕ ਸਕੂਲ ਵਿਚ ਦਾਖਲ ਕਰਾ ਸਕੇ। ਉਹ ਚਾਹੁੰਦੀ ਹੈ ਕਿ ਉਸ ਦਾ ਬੇਟਾ ਵੀ ਫ਼ੋਜੀ ਬਣ ਕੇ ਦੇਸ਼ ਦੀ ਸੇਵਾ ਕਰੇ।