ਕਿਸਾਨਾਂ ਦੀ ‘ਸੰਘਰਸ਼ੀ ਤਾਕਤ’ ਸਾਹਮਣੇ ਝੁਕਣ ਲਈ ਮਜ਼ਬੂਰ ਸਿਆਸੀ ਧਿਰਾਂ, ਬੰਦ ਦੇ ਸਮਰਥਨ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਰੋਧੀ ਧਿਰਾਂ ਦੇ ਕਦਮਾਂ ਤੋਂ ਘਬਰਾਈ ਕੇਂਦਰ ਸਰਕਾਰ, ਦੋਹਰੇ ਮਾਪਦੰਡ ਅਪਨਾਉਣ ਦੇ ਲਾਏ ਇਲਜ਼ਾਮ

Farmers Protest

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਸੰਘਰਸ਼ ਦਾ ਦਾਇਰਾ ਦੇਸ਼-ਵਿਆਪੀ ਤੋਂ ਵਿਸ਼ਵ ਪੱਧਰ ਤਕ ਪਹੁੰਚ ਚੁੱਕਾ ਹੈ। ਦੇਸ਼ ਭਰ ’ਚੋਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਵਿਦੇਸ਼ਾਂ ਵਿਚ ਵੀ ਕਿਸਾਨਾਂ ਦੇ ਹੱਕ ’ਚ ਰੋਸ ਰੈਲੀਆਂ ਦਾ ਦੌਰ ਜਾਰੀ ਹੈ। ਭਾਜਪਾ ਨੂੰ ਛੱਡ ਕੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਦੇ ਸੰਘਰਸ਼ ਦਾ ਪੂਰਨ ਸਮਰਥਨ ਕਰ ਰਹੀਆਂ ਹਨ। ਦੂਜੇ ਪਾਸੇ ਕੇਂਦਰ ਸਰਕਾਰ ਵੀ ਕਿਸਾਨੀ ਸੰਘਰਸ਼ ਦੇ ਚੱਕਰਵਿਊ ’ਚੋਂ ਨਿਕਲਣ ਤਰਲੋਮੱਛੀ ਹੋ ਰਹੀ ਹੈ।

ਕੇਂਦਰ ਸਰਕਾਰ ਨੇ ਕਿਸਾਨੀ ਘੋਲ ਦੀ ਰਫ਼ਤਾਰ ਮੱਠੀ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ-ਕੰਢੇ ਅਪਨਾਏ ਜੋ ਸਫ਼ਲ ਨਹੀਂ ਹੋ ਸਕੇ। ਕਿਸਾਨ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਬੰਦ ਦਾ ਸੱਦਾ ਦੇਣ ਬਾਅਦ ਕੇਂਦਰ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਦੇਸ਼ ਦੀਆਂ ਸਿਆਸੀ ਧਿਰਾਂ ਜੋ ਪਹਿਲਾਂ ਕਿਸਾਨਾਂ ਦੇ ਹੱਕ ’ਚ ਬਿਆਨਬਾਜ਼ੀ ਤਕ ਸੀਮਤ ਸਨ, ਹੁਣ ਉਹ ਕਿਸਾਨਾਂ ਦੀ ਪਿੱਠ ’ਤੇ ਖੁਲ੍ਹ ਕੇ ਆਣ ਖੜ੍ਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਦੇ ਧਰਨੇ ’ਚ ਸ਼ਾਮਲ ਹੋ ਕੇ ਹਰ ਤਰ੍ਹਾਂ ਦਾ ਸਾਥ ਦੇਣ ਦਾ ਵਾਅਦਾ ਕਰ ਰਹੇ ਹਨ। ਇਸੇ ਤਰ੍ਹਾਂ ਬਾਕੀ ਸਿਆਸੀ ਪਾਰਟੀਆਂ ਦੇ ਆਗੂ ਵੀ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨੀ ਸੰਘਰਸ਼ ਦੀ ਗੂਜ ਨੇ ਸਿਆਸਤਦਾਨਾਂ ਨੂੰ ਘਰਾਂ ’ਚੋਂ ਨਿਕਲ ਦਿੱਲੀ ਵੱਲ ਕੂਚ ਕਰਨ ਲਈ ਮਜ਼ਬੂਰ ਕਰ ਦਿਤਾ ਹੈ। ਸਾਰੀਆਂ ਪਾਰਟੀਆਂ ਵਲੋਂ ਕਿਸਾਨਾਂ ਦੀ ਪਿੱਠ ’ਤੇ ਆਉਣ ਨੇ ਕੇਂਦਰ ਦੀ ਚਿੰਤਾ ਵਧਾ ਦਿਤੀ ਹੈ।

ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਜਿਆਣੀ ਨੇ ਕਿਸਾਨਾਂ ਦੇ ਸੰਘਰਸ਼ ’ਤੇ ਬਾਬਾ ਨਾਨਕ ਦਾ ਹੱਥ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਜਿਸ ਤਰ੍ਹਾਂ ਵੱਡੇ ਭਾਰੀ ਪੱਥਰਾਂ ਨੂੰ ਬਰਫ਼ ਦੀਆਂ ਸਿੱਲਾਂ ਵਾਂਗ ਪਾਸੇ ਹਟਾਇਆ ਹੈ, ਉਹ ਕਿਸੇ ਗੈਬੀ ਸ਼ਕਤੀ ਕਾਰਨ ਹੀ ਸੰਭਵ ਹੋ ਸਕਦਾ ਹੈ। ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਾ ਨਾਨਕ ਖੁਦ ਕਿਸਾਨ ਸਨ ਅਤੇ ਕਿਸਾਨੀ ਘੋਲ ਨੂੰ ਉਨ੍ਹਾਂ ਦਾ ਅਸੀਰਵਾਰ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਦਿੱਲੀ ਕੂਚ ਤੋਂ ਲੈ ਕੇ ਦਿੱਲੀ ਵਿਖੇ ਠਹਿਰਣ ਦੌਰਾਨ ਹੋ ਰਹੇ ਬਾਕਮਾਲ ਪ੍ਰਬੰਧ ਬਾਬੇ ਨਾਨਕ ਦੀ ਮਿਹਰ ਸਦਕਾ ਹੀ ਸੰਭਵ ਹੋ ਰਹੇ ਹਨ ਅਤੇ ਕਿਸਾਨ ਦਿੱਲੀ ’ਚੋਂ ਚੰਗੀ ਖ਼ਬਰ ਲੈ ਕੇ ਵਾਪਸ ਪਰਤਣਗੇ। 

ਦੂਜੇ ਪਾਸੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀਆਂ ਵਿਰੋਧੀ ਪਾਰਟੀਆਂ ਸਿਆਸੀ ਨਿਸ਼ਾਨਾ ਸਾਧਦਿਆਂ ਦੋਹਰੇ ਮਾਪਦੰਡ ਅਪਨਾਉਣ ਦਾ ਦੋਸ਼ ਲਾਇਆ ਹੈ। ਕੇਂਦਰੀ ਮੰਤਰੀ ਮੁਤਾਬਕ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਆਈਆਂ ਵਿਰੋਧੀ ਪਾਰਟੀਆਂ ਦਾ ਦੋਹਰਾ ਤੇ ਸ਼ਰਮਨਾਕ ਰਵੱਈਆ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਆਪਣੀ ਸਿਆਸੀ ਹੋਂਦ ਬਚਾਉਣ ਲਈ ਇਸ ਅੰਦੋਲਨ ਨਾਲ ਆ ਖਲੋਤੀਆਂ ਹਨ।

ਕੇਂਦਰੀ ਮੰਤਰੀ ਮੁਤਾਬਕ ਕਾਂਗਰਸ ਨੇ 2019 ਦੇ ਚੋਣ ਮੈਨੀਫ਼ੈਸਟੋ ਵਿਚ ਖੁਦ ਖੇਤੀ ਨਾਲ ਜੁੜੇ  ਐਕਟ ਨੂੰ ਖ਼ਤਮ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ 23 ਨਵੰਬਰ ਨੂੰ ਨਵਾਂ ਖੇਤੀ ਕਾਨੂੰਨ ਨੋਟੀਫ਼ਾਈ ਕਰ ਕੇ ਦਿੱਲੀ ’ਚ ਲਾਗੂ ਵੀ ਕਰ ਦਿਤਾ ਹੈ ਪਰ ਹੁਣ ਉਹ ਇਸ ਦਾ ਵਿਰੋਧ ਵੀ ਕਰਨ ਲੱਗ ਪਏ ਹਨ। ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਅਸੀਂ ਵਿਰੋਧੀ ਪਾਰਟੀਆਂ ਖ਼ਾਸ ਕਰਕੇ ਕਾਂਗਰਸ ਤੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਦੇ ਸ਼ਰਮਨਾਕ ਦੋਹਰੇ ਚਰਿੱਤਰ ਨੂੰ ਦੇਸ਼ ਦੇ ਸਾਹਮਣੇ ਲਿਆਉਣ ’ਚ ਸਫ਼ਲ ਹੋਏ ਹਾਂ।

ਦੂਜੇ ਪਾਸੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਖੁਦ ਹੀ ਇਨ੍ਹਾਂ ਕਾਨੂੰਨਾਂ ਨੂੰ ਨਹੀਂ ਚਾਹੁੰਦੇ ਤਾਂ ਸਰਕਾਰ ਧੱਕੇ ਨਾਲ ਲਾਗੂ ਕਰਨ ਦੀ ਜਿੱਦ ਕਿਉਂ ਕਰ ਰਹੀ ਹੈ। ਪਹਿਲਾਂ ਸਰਕਾਰ ਅਪਣੇ ਬਣਾਏ ਕਾਨੂੰਨਾਂ ਨੂੰ ਸਹੀ ਸਾਬਤ ਕਰਨ ’ਤੇ ਲੱਗੀ ਰਹੀ ਅਤੇ ਹੁਣ ਇਸ ’ਚ ਬਦਲਾਅ ਕਰਨ ਦੀ ਜਿੱਦ ’ਤੇ ਅੜ ਗਈ ਹੈ ਜੋ ਸਰਕਾਰ ਦੀ ਦੋਹਰੀ ਮਾਨਸਿਕਤਾ ਦਾ ਪ੍ਰਗਟਾਵਾ ਹੈ।