ਕਿਸਾਨਾਂ ਦੀ ਅਨੌਖੀ ਪਹਿਲ: ਮੱਝ ਮੂਹਰੇ ਬੀਨ ਵਜਾ ਕੇ ਕੇਂਦਰ ਸਰਕਾਰ ਖਿਲਾਫ ਪ੍ਰਗਟਾਇਆ ਰੋਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਗੱਲ ਨਾ ਸੁਣਨ ਕਾਰਨ ਕੀਤਾ ਵਿਅੰਗਮਈ ਪ੍ਰਦਰਸ਼ਨ

Farmers Protest

ਨੋਇਡਾ : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸ ਪਾਸੇ ਜਿੱਥੇ ਧਰਨੇ ‘ਤੇ ਬੈਠੇ ਕਿਸਾਨਾਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਦੀ ਪੂਰਤੀ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਲੋਕ ਮਦਦ ਭੇਜ ਰਹੇ ਹਨ ਉਥੇ ਹੀ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨਾਂ ਦਾ ਦੌਰਾ ਵੀ ਜਾਰੀ ਹੈ। ਵਿਦੇਸ਼ਾਂ ਵਿਚ ਕਾਰ ਰੈਲੀਆਂ ਕੱਢੀਆਂ ਜਾ ਰਹੀਆਂ ਹਨ।


ਇਸੇ ਦੌਰਾਨ ਯੂਪੀ ਦੇ ਨੋਇਡਾ ਵਿਖੇ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਗੇ ਜਾਣ ਖਿਲਾਫ ਵਿਅੰਗਮਈ ਪ੍ਰਦਰਸ਼ਨ ਕਰਦਿਆਂ ਮੱਝ ਮੂਹਰੇ ਬੀਨ ਵਜਾ ਵਿਰੋਧ ਪ੍ਰਗਟਾਇਆ। ਨੋਇਡਾ ਵਿਖੇ ਕੀਤੇ ਗਏ ਇਸ ਅਨੋਖੇ ਪ੍ਰਦਰਸ਼ਨ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

ਕਾਬਲੇਗੌਰ ਹੈ ਕਿ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਦੇ ਹੱਕ ਵਿਚ ਸਿਆਸੀ ਧਿਰਾਂ ਤੋਂ ਇਲਾਵਾ ਦੇਸ਼ ਭਰ ਦੇ ਕਿਸਾਨ ਸਮਰਥਨ ਕਰ ਰਹੇ ਹਨ। ਕਿਸਾਨ ਨੇ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ 'ਤੇ ਪਿਛਲੇ 11 ਦਿਨਾਂ ਤੋਂ ਸੜਕਾਂ ਜਾਮ ਕਰ ਦੇ ਧਰਨਾ ਲਾਇਆ ਹੋਇਆ ਹੈ। ਕਿਸਾਨਾਂ ਦਾ ਧਰਨਾ ਅੱਜ 12ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਕਿਸਾਨਾਂ ਨੇ ਭਲਕੇ 8 ਦਸੰਬਰ ਨੂੰ ਬੰਦ ਦਾ ਐਲਾਨ ਕੀਤਾ ਹੋਇਆ ਹੈ। 

ਦੂਜੇ ਪਾਸੇ ਕੇਂਦਰ ਸਰਕਾਰ ਨੇ 9 ਦਸੰਬਰ ਨੂੰ ਕਿਸਾਨਾਂ ਦੀ ਮੁੜ ਮੀਟਿੰਗ ਬੁਲਾਈ ਹੋਈ ਹੈ। ਇਸ ਤੋਂ ਪਹਿਲਾਂ ਸਰਕਾਰ ਅਤੇ ਕਿਸਾਨਾਂ ਵਿਚਾਲੇ 5 ਮੀਟਿੰਗਾਂ ਹੋ ਚੁਕੀਆਂ ਹਨ,  ਜਿਨ੍ਹਾਂ ਦਾ ਕੋਈ ਸਿੱਟਾਂ ਨਹੀਂ ਸੀ ਨਿਕਲ ਸਕਿਆ। ਇਸੇ ਕਾਰਨ ਕਿਸਾਨਾਂ ਨੇ ਮੀਟਿੰਗ ਤੋਂ ਪਹਿਲਾਂ ਸਰਕਾਰ 'ਤੇ ਦਬਾਅ ਵਧਾਉਣ ਲਈ ਕਮਰਕੱਸ ਲਈ ਹੈ ਅਤੇ ਦੇਸ਼ ਭਰ ਵਿਚੋਂ ਕਿਸਾਨਾਂ ਦਾ ਦਿੱਲੀ ਵੱਲ ਕੂਚ ਜਾਰੀ ਹੈ।