ਹੁੱਡਾ ਨੇ ਰਾਜਪਾਲ ਨੂੰ ਵਿਧਾਨ ਸਭਾ ਦਾ ਐਮਰਜੈਂਸੀ ਸੈਸ਼ਨ ਬੁਲਾਉਣ ਲਈ ਪੱਤਰ ਲਿਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕਿਸਾਨਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ ਅਤੇ ਅਸੀਂ ਕਿਸਾਨਾਂ ਦੇ ਨਾਲ ਡਟੇ ਹਾਂ  

Bhupinder Singh Hooda

ਜੀਂਦ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਸੋਮਵਾਰ ਨੂੰ ਰਾਜ ਸਰਕਾਰ ’ਤੇ ਲੋਕਾਂ ਅਤੇ ਵਿਧਾਇਕਾਂ ਦਾ ਭਰੋਸਾ ਗੁਆਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਵਿਧਾਨ ਸਭਾ ਅਤੇ ਸਰਕਾਰ ਦਾ ਐਮਰਜੈਂਸੀ ਸੈਸ਼ਨ ਬੁਲਾਉਣ ਲਈ ਪੱਤਰ ਲਿਖਿਆ ਹੈ। ਸਰਕਾਰ ਵਿਰੁਧ ਕਾਂਗਰਸ ਅਵਿਸ਼ਵਾਸ-ਪ੍ਰਸਤਾਵ ਲਿਆਏਗੀ।

ਹੁੱਡਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਰਾਜ ਵਿਚ ਰਾਜਨੀਤਕ ਅਸਥਿਰਤਾ ਅਤੇ ਸਰਕਾਰ ’ਤੇ ਵਿਸ਼ਵਾਸ ਨਹੀਂ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਥਿਤੀਆਂ ਵਿਚ ਮਾਨਯੋਗ ਰਾਜਪਾਲ ਨੂੰ ਅਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਇਕ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹੀਦਾ ਹੈ।

ਕਾਂਗਰਸੀ ਆਗੂ ਨੇ 8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਵਲੋਂ ਬੁਲਾਏ ਗਏ ‘ਭਾਰਤ ਬੰਦ’ ਦੇ ਸੱਦੇ ਉੱਤੇ ਅਪੀਲ ਕੀਤੀ ਕਿ “ਭਾਰਤ ਬੰਦ” ਕਿਸਾਨੀ ਅੰਦੋਲਨ ਵਾਂਗ ਸ਼ਾਂਤਮਈ ਅਤੇ ਅਨੁਸ਼ਾਸਿਤ ਹੋਣਾ ਚਾਹੀਦਾ ਹੈ। ਸਾਰਾ ਦੇਸ਼ ਅਤੇ ਵੱਖ-ਵੱਖ ਸੰਸਥਾਵਾਂ ਅੱਜ ਕਿਸਾਨਾਂ ਦੇ ਨਾਲ ਹਨ। ਕਿਸਾਨਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ ਅਤੇ ਅਸੀਂ ਕਿਸਾਨਾਂ ਦੇ ਨਾਲ ਡਟੇ ਹਾਂ।