ਸ਼ੇਅਰ ਬਾਜ਼ਾਰ 347 ਅੰਕ ਦੀ ਤੇਜ਼ੀ ਨਾਲ ਨਵੀਂ ਉਚਾਈ ’ਤੇ, ਨਿਫ਼ਟੀ ਪਹਿਲੀ ਵਾਰ 13,350 ਤੋਂ ਪਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਸਮੇਂ 45,458.92 ਅੰਕ ਦੇ ਸਿਖਰਲੇ ਪੱਧਰ ਤਕ ਚਲਾ ਗਿਆ ਸੀ ਬਾਜ਼ਾਰ

Stock market

ਮੁੰਬਈ : ਵਿਦੇਸ਼ੀ ਪੂੰਜੀ ਪ੍ਰਵਾਹ ਵਿਚਾਲੇ ਸ਼ੇਅਰ ਬਾਜ਼ਾਰ ਸੋਮਵਾਰ ਨੂੰ 347 ਅੰਕ ਵੱਧ ਕੇ ਰਿਕਾਰਡ ਉਚਾਈ ’ਤੇ ਬੰਦ ਹੋਇਆ। ਸੂਚਕ ਅੰਕ ਵਿਚ ਚੰਗੀ ਹਿੱਸੇਦਾਰੀ ਰੱਖਣ ਵਾਲੀ ਐਚਡੀਐਫ਼ਸੀ ਲਿ. ਐਚਯੂਐਲ ਅਤੇ ਆਈਸੀਆਈਸੀਆਈ ਬੈਂਕ ਦੀ ਅਗਵਾਈ ਵਿਚ ਇਹ ਤੇਜ਼ੀ ਆਈ। 30 ਸ਼ੇਅਰਾਂ ’ਤੇ ਆਧਾਰਤ ਸੂਚਕ ਅੰਕ ਕਾਰੋਬਾਰ ਦੌਰਾਨ ਇਕ ਸਮੇਂ 45,458.92 ਅੰਕ ਦੇ ਸਿਖਰਲੇ ਪੱਧਰ ਤਕ ਚਲਾ ਗਿਆ ਸੀ। ਅੰਤ ਵਿਚ ਇਹ 347.42 ਅੰਕ ਭਾਵ 0.77 ਫ਼ੀ ਸਦੀ ਵੱਧ ਕੇ 45,426.97 ਅੰਕ ’ਤੇ ਬੰਦ ਹੋਇਆ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 97.20 ਅੰਕ ਭਾਵ 0.73 ਫ਼ੀ ਸਦੀ ਦੇ ਵਾਧੇ ਨਾਲ 13,355.75 ਦੇ ਹੁਣ ਤਕ ਦੇ ਸਿਖਰਲੇ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ ਰਿਕਾਰਡ 13,366.65 ’ਤੇ ਪਹੰੁਚ ਗਿਆ ਸੀ। ਸੈਂਸੇਕਸ ਦੇ ਸ਼ੇਅਰਾਂ ਵਿਚ ਸੱਭ ਤੋਂ ਜ਼ਿਆਦਾ ਲਾਭ ਵਿਚ ਭਾਰਤੀ ਏਅਰਟੈਲ ਰਹੀ।

ਇਸ ਵਿਚ ਕਰੀਬ 3 ਫ਼ੀ ਸਦੀ ਦੀ ਤੇਜ਼ੀ ਆਈ। ਇਸ ਤੋਂ ਇਲਾਵਾ ਐਚਯੂਐਲ, ਐਚਡੀਐਫ਼ਸੀ, ਆਈਟੀਸੀ, ਇੰਡਇੰਡ ਬੈਂਕ, ਐਸਬੀਆਈ, ਸਨ ਫ਼ਾਰਮਾ, ਓਐਨਜੀਸੀ, ਟੇਕ ਮਹਿੰਦਰਾ, ਐਲ ਐਂਡ ਟੀ ਅਤੇ ਏਸ਼ੀਅਨ ਪੇਂਟਸ ਵਿਚ ਵੀ ਚੰਗੀ ਤੇਜ਼ੀ ਰਹੀ। ਦੂਜੇ ਪਾਸੇ ਕੋਟਕ ਬੈਂਕ, ਨੈਸਲੇ ਇੰਡੀਆ, ਟਾਟਾ ਸਟੀਲ, ਬਜਾਜ ਫ਼ਾਈਨਾਂਸ ਅਤੇ ਐਚਡੀਐਫ਼ਸੀ ਬੈਂਕ ਵਿਚ ਗਿਰਾਵਟ ਦਰਜ ਕੀਤੀ ਗਈ। ਰਿਲਾਇੰਸ ਸਿਕਊਰਟੀਜ਼ ਦੇ ਰਣਨੀਤਕ ਮਾਮਲਿਆਂ ਦੇ ਪ੍ਰਮੁਖ ਵਿਨੋਦ ਮੋਦੀ ਨੇ ਕਿਹਾ,‘‘ਘਰੇਲੂ ਸ਼ੇਅਰ ਬਾਜ਼ਾਰ ਵਿਚ ਮਜ਼ਬੂਤੀ ਬਣੀ ਹੋਈ ਹੈ ਅਤੇ ਆਲਮੀ ਬਾਜ਼ਾਰਾਂ ਵਿਚ ਕਮਜ਼ੋਰ ਰੁਖ਼ ਦਾ ਵੀ ਇਸ ’ਤੇ ਅਸਰ ਨਹੀਂ ਪਿਆ।’’

ਮੋਦੀ ਨੇ ਕਿਹਾ,‘‘ਕੋਵਿਡ-19 ਟੀਕੇ ਬਾਰੇ ਹਾਂ ਪੱਖੀ ਪ੍ਰਗਤੀ ਅਤੇ ਆਰਬੀਆਈ ਦੀ ਅਰਥਚਾਰੇ ਦੇ ਮੁੜ ਨਿਰਮਾਣ ਦਾ ਸਮਰਥਨ ਕਰਨ ਲਈ ਜਤਾਈ ਗਈ ਵਚਨਬਧਤਾ ਨਾਲ ਬਾਜ਼ਾਰ ਵਿਚ ਤੇਜ਼ੀ ਬਣੀ ਹੋਈ ਹੈ। ਏਸ਼ੀਆ ਦੇ ਹੋਰ ਬਾਜ਼ਾਰਾਂ ਵਿਚ ਸ਼ੰਘਾਈ, ਹਾਂਗਕਾਂਗ ਅਤੇ ਟੋਕੀਉ ਨੁਕਸਾਨ ਵਿਚ ਰਹੇ ਜਦੋਂਕਿ ਸੋਲ ਵਿਚ ਤੇਜ਼ੀ ਰਹੀ। ਯੂਰਪ ਦੇ ਪ੍ਰਮੁਖ ਸ਼ੇਅਰ ਬਾਜ਼ਾਰਾਂ ਵਿਚ ਕਾਰੋਬਾਰ ਦੀ ਸ਼ੁਰੂਆਤ ਵਿਚ ਗਿਰਾਵਟ ਦਰਜ ਕੀਤੀ ਗਈ। ਇਸ ਵਿਚਾਲੇ ਆਲਮੀ ਤੇਲ ਮਾਣਕ ਬ੍ਰੇਂਟ ਕਰੂਡ 1.02 ਫ਼ੀ ਸਦੀ ਦੀ ਗਿਰਾਵਟ ਨਾਲ 48.75 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।