ਇੱਕ ਹੋਰ ਧੋਖਾਧੜੀ - ਰਾਮਦੇਵ ਅਤੇ ਬਾਲਕ੍ਰਿਸ਼ਨਾ ਖ਼ਿਲਾਫ਼ ਸੰਮਨ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਗਾਈ ਗਈ ਧਾਰਾ 420 ਅਤੇ 417

Image

 

ਬੇਗੂਸਰਾਏ- ਪਤੰਜਲੀ ਵਾਲੇ ਰਾਮਦੇਵ ਅਤੇ ਉਸ ਦੇ ਸਹਿਯੋਗੀ ਬਾਲਕ੍ਰਿਸ਼ਨਾ ਖਿਲਾਫ ਧੋਖਾਧੜੀ ਦੇ ਮਾਮਲੇ 'ਚ ਬਿਹਾਰ ਵਿਖੇ ਸੰਮਨ ਜਾਰੀ ਕੀਤੇ ਗਏ ਹਨ। ਦਰਅਸਲ, ਬੇਗੂਸਰਾਏ ਜ਼ਿਲ੍ਹਾ ਅਦਾਲਤ ਦੀ ਫ਼ਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਮੋਹਿਨੀ ਕੁਮਾਰੀ ਨੇ ਸ਼ਿਕਾਇਤਕਰਤਾ ਮਹਿੰਦਰ ਸ਼ਰਮਾ ਵਾਸੀ ਨਿੰਗਾ, ਬਰੌਨੀ ਥਾਣੇ ਦੇ ਸ਼ਿਕਾਇਤ ਪੱਤਰ 'ਤੇ ਸੁਣਵਾਈ ਕਰਦੇ ਹੋਏ ਰਾਮਦੇਵ ਅਤੇ ਬਾਲਕ੍ਰਿਸ਼ਨਾ ਖਿਲਾਫ ਧੋਖਾਧੜੀ ਦੇ ਮਾਮਲੇ ਵਿੱਚ ਧਾਰਾ 420 ਅਤੇ 417 ਤਹਿਤ ਸੰਮਨ ਜਾਰੀ ਕਰਨ ਦਾ ਹੁਕਮ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਅਦਾਲਤ ਨੇ ਰਾਮਦੇਵ ਅਤੇ ਬਾਲਕ੍ਰਿਸ਼ਨਾ ਨੂੰ 12 ਜਨਵਰੀ ਤੱਕ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਦਰਅਸਲ, 18 ਜੂਨ 2022 ਨੂੰ ਬਰੌਨੀ ਥਾਣਾ ਖੇਤਰ ਦੇ ਨਿੰਗਾ ਪਿੰਡ ਦੇ ਰਹਿਣ ਵਾਲੇ ਮਹਿੰਦਰ ਸ਼ਰਮਾ ਨੇ ਸੀ.ਜੀ.ਐਮ. ਕੋਰਟ ਵਿੱਚ ਰਾਮਦੇਵ ਅਤੇ ਬਾਲਕ੍ਰਿਸ਼ਨਾ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਪੈਸੇ ਲੈ ਕੇ ਵੀ ਉਸ ਦਾ ਇਲਾਜ ਨਹੀਂ ਕੀਤਾ ਗਿਆ।

ਸ਼ਿਕਾਇਤਕਰਤਾ ਮਹਿੰਦਰ ਸ਼ਰਮਾ ਨੇ ਕਥਿਤ ਦੋਸ਼ੀ ਰਾਮਦੇਵ ਅਤੇ ਬਾਲਕ੍ਰਿਸ਼ਨਾ 'ਤੇ ਦੋਸ਼ ਲਾਇਆ ਸੀ ਕਿ ਉਸ ਨੇ ਆਪਣੇ ਇਲਾਜ ਲਈ ਪਤੰਜਲੀ ਆਯੁਰਵੇਦ ਪ੍ਰਾਈਵੇਟ ਲਿਮਟਿਡ ਮਹਾਰਿਸ਼ੀ ਕਾਟੇਜ ਯੋਗ ਗ੍ਰਾਮ ਝੁੱਲਾ 'ਚ ਕੁੱਲ 90,000 ਰੁਪਏ ਜਮ੍ਹਾਂ ਕਰਵਾਏ ਸਨ। ਉਸ ਨੇ ਆਪਣੇ ਪੁੱਤਰ ਨਰਿੰਦਰ ਕੁਮਾਰ ਦੇ ਬੈਂਕ ਖਾਤੇ ਵਿੱਚੋਂ ਪੈਸੇ ਟਰਾਂਸਫਰ ਕੀਤੇ ਸਨ। ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਸ਼ਿਕਾਇਤਕਰਤਾ ਆਪਣੇ ਲੜਕੇ ਅਤੇ ਪਤਨੀ ਦੇ ਨਾਲ ਪਤੰਜਲੀ ਵੱਲੋਂ ਦਿੱਤੀ ਗਈ ਤਰੀਕ ਅਤੇ ਸਮੇਂ 'ਤੇ ਆਪਣਾ ਇਲਾਜ ਕਰਵਾਉਣ ਲਈ ਉੱਥੇ ਪਹੁੰਚ ਗਿਆ, ਪਰ ਉੱਥੇ ਉਸ ਨੂੰ ਕਿਹਾ ਗਿਆ ਕਿ ਤੁਹਾਡੇ ਪੈਸੇ ਜਮ੍ਹਾਂ ਨਹੀਂ ਹੋਏ।

ਸ਼ਿਕਾਇਤਕਰਤਾ ਅਨੁਸਾਰ ਪਤੰਜਲੀ ਨੇ ਧੋਖੇ ਨਾਲ ਉਸ ਵੱਲੋਂ ਜਮ੍ਹਾਂ ਕਰਵਾਏ ਪੈਸੇ ਆਪਣੇ ਕੋਲ ਰੱਖ ਲਏ। ਸ਼ਿਕਾਇਤਕਰਤਾ ਅਤੇ ਗਵਾਹਾਂ ਵੱਲੋਂ ਦਿੱਤੇ ਬਿਆਨਾਂ ਤੋਂ ਬਾਅਦ ਅਦਾਲਤ ਨੇ ਰਾਮਦੇਵ ਅਤੇ ਬਾਲਕ੍ਰਿਸ਼ਨਾ ਵਿਰੁੱਧ ਨੋਟਿਸ ਲੈਂਦਿਆਂ, ਦੋਵਾਂ ਮੁਲਜ਼ਮਾਂ ਨੂੰ 12 ਜਨਵਰੀ 2023 ਤੱਕ ਅਦਾਲਤ ਵਿੱਚ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਹੈ।