MCD ਚੋਣਾਂ ਵਿਚ ਜਿੱਤ ਮਗਰੋਂ ਬੋਲੇ ਅਰਵਿੰਦ ਕੇਜਰੀਵਾਲ, ‘ਹੁਣ ਦਿੱਲੀ ਨੂੰ ਕਰਾਂਗੇ ਸਾਫ਼’

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਜਰੀਵਾਲ ਨੇ ਸਾਰੀਆਂ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।

CM Arvind Kejriwal congratulates Delhi people

 

ਨਵੀਂ ਦਿੱਲੀ: ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਇੰਨੀ ਵੱਡੀ ਜਿੱਤ, ਸ਼ਾਨਦਾਰ ਜਿੱਤ ਅਤੇ ਵੱਡੇ ਬਦਲਾਅ ਲਈ ਵਧਾਈ। ਹੁਣ ਤੱਕ ਲੋਕਾਂ ਨੇ ਜੋ ਵੀ ਜਿੰਮੇਵਾਰੀ ਸਾਨੂੰ ਦਿੱਤੀ ਹੈ, ਸਕੂਲ, ਹਸਪਤਾਲ, ਬਿਜਲੀ, ਅਸੀਂ ਸਭ ਕੁਝ ਸਹੀ ਢੰਗ ਨਾਲ ਨਿਭਾਇਆ ਹੈ। ਹੁਣ ਦਿੱਲੀ ਦੇ ਲੋਕਾਂ ਨੇ ਸਫ਼ਾਈ ਅਤੇ ਮੁਰੰਮਤ ਦੀ ਜ਼ਿੰਮੇਵਾਰੀ ਦਿੱਤੀ ਹੈ।

ਕੇਜਰੀਵਾਲ ਨੇ ਸਾਰੀਆਂ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਅਪੀਲ ਹੈ ਕਿ ਇਹ ਰਾਜਨੀਤੀ ਅੱਜ ਤੱਕ ਹੀ ਸੀ। ਹੁਣ ਅਸੀਂ ਦਿੱਲੀ ਨੂੰ ਠੀਕ ਕਰਨਾ ਹੈ, ਜਿਸ ਲਈ ਮੈਂ ਭਾਜਪਾ ਅਤੇ ਕਾਂਗਰਸ ਦਾ ਸਹਿਯੋਗ ਚਾਹੁੰਦਾ ਹਾਂ। ਸਾਨੂੰ ਕੇਂਦਰ ਸਰਕਾਰ ਦੇ ਸਹਿਯੋਗ ਦੀ ਵੀ ਲੋੜ ਹੈ। ਮੈਂ ਦਿੱਲੀ ਨੂੰ ਠੀਕ ਕਰਨ ਲਈ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦਾ ਆਸ਼ੀਰਵਾਦ ਚਾਹੁੰਦਾ ਹਾਂ। ਜਿਹੜੇ 250 ਕੌਂਸਲਰ ਜਿੱਤੇ ਹਨ, ਉਹ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹਨ, ਉਹ ਦਿੱਲੀ ਦੇ ਕੌਂਸਲਰ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਅਸੀਂ ਦੋ ਕਰੋੜ ਲੋਕ ਮਿਲ ਕੇ ਦਿੱਲੀ ਨੂੰ ਸਾਫ਼ ਕਰਾਂਗੇ। ਹੁਣ ਸਾਨੂੰ ਦਿੱਲੀ ਸਰਕਾਰ ਵਾਂਗ ਭ੍ਰਿਸ਼ਟਾਚਾਰ ਨੂੰ ਦੂਰ ਕਰਨਾ ਹੋਵੇਗਾ। ਲੋਕ ਕਹਿੰਦੇ ਹਨ ਕਿ ਕੰਮ ਕਰੋ ਤਾਂ ਵੋਟਾਂ ਨਹੀਂ ਮਿਲਦੀਆਂ, ਵੋਟਾਂ ਲਈ ਗਾਲ੍ਹਾਂ ਕੱਢਣੀਆਂ ਪੈਂਦੀਆਂ ਹਨ। ਅਸੀਂ ਇਹ ਨਹੀਂ ਕਰਨਾ ਚਾਹੁੰਦੇ। ਨਕਾਰਾਤਮਕ ਰਾਜਨੀਤੀ ਨਾ ਕਰੋ। ਅੱਜ ਦਿੱਲੀ ਦੀ ਜਨਤਾ ਨੇ ਪੂਰੇ ਦੇਸ਼ ਨੂੰ ਸੰਦੇਸ਼ ਦਿੱਤਾ ਹੈ ਕਿ ਵੋਟਾਂ ਸਕੂਲਾਂ ਅਤੇ ਹਸਪਤਾਲਾਂ ਤੋਂ ਵੀ ਮਿਲਦੀਆਂ ਹਨ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿਵੇਂ-ਜਿਵੇਂ ਸਕਾਰਾਤਮਕ ਰਾਜਨੀਤੀ ਵਧੇਗੀ, ਦੇਸ਼ ਨੰਬਰ ਵਨ ਬਣ ਜਾਵੇਗਾ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਸਾਡੇ ਵਿਚ ਹੰਕਾਰ ਹੈ ਤਾਂ ਰੱਬ ਕਦੇ ਮੁਆਫ਼ ਨਹੀਂ ਕਰੇਗਾ। ਦੱਸ ਦੇਈਏ ਕਿ ਦਿੱਲੀ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ। ਪਿਛਲੇ 15 ਸਾਲਾਂ ਤੋਂ ਨਗਰ ਨਿਗਮ 'ਤੇ ਭਾਜਪਾ ਦਾ ਰਾਜ ਸੀ। 250 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੇ 134, ਭਾਜਪਾ ਨੇ 104, ਕਾਂਗਰਸ ਨੇ 9 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਤਿੰਨ ਆਜ਼ਾਦ ਉਮੀਦਵਾਰ ਵੀ ਜਿੱਤੇ ਹਨ।