ਨਹੀਂ ਚੱਲਣਗੇ ਪੁਰਾਣੇ ਵਾਹਨ - ਇੰਡਸਟ੍ਰੀਅਲ ਏਰੀਆ ਫੇਜ਼ 1 'ਚ ਲੱਗਣ ਜਾ ਰਿਹਾ ਹੈ ਵਾਹਨ ਸਕਰੈਪਿੰਗ ਯੂਨਿਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਰਾਣੇ ਵਾਹਨ ਸਕਰੈਪ 'ਚ ਦੇਣ 'ਤੇ ਨਵੇਂ 'ਤੇ ਮਿਲਣਗੇ ਕਈ ਲਾਭ 

Image

 

ਚੰਡੀਗੜ੍ਹ - ਹੁਣ ਪੁਰਾਣੇ ਵਾਹਨ ਤੁਹਾਡੇ ਵਿਹੜੇ 'ਚ ਥਾਂ ਨਹੀਂ ਘੇਰਨਗੇ। ਸਟੇਟ ਟਰਾਂਸਪੋਰਟ ਅਥਾਰਟੀ (ਐੱਸ.ਟੀ.ਏ.) ਨੇ ਨੈਸ਼ਨਲ ਵਹੀਕਲ ਸਕ੍ਰੈਪੇਜ ਨੀਤੀ ਤਹਿਤ ਇੰਡਸਟ੍ਰੀਅਲ ਏਰੀਆ ਫੇਜ਼ 1 ਵਿੱਚ ਵਾਹਨ ਸਕ੍ਰੈਪਿੰਗ ਸੈਂਟਰ ਸਥਾਪਤ ਕਰਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ।

ਨੀਤੀ ਅਨੁਸਾਰ, ਜੇਕਰ 15 ਸਾਲ ਤੋਂ ਵੱਧ ਉਮਰ ਦੇ ਵਪਾਰਕ ਵਾਹਨ ਅਤੇ 20 ਸਾਲ ਤੋਂ ਵੱਧ ਉਮਰ ਦੇ ਯਾਤਰੀ ਵਾਹਨਾਂ ਫਿਟਨੈਸ ਅਤੇ ਐਮਿਸ਼ਨ ਟੈਸਟ 'ਚ ਪਾਸ ਨਹੀਂ ਹੁੰਦੇ, ਤਾਂ ਉਨ੍ਹਾਂ ਨੂੰ ਸਕਰੈਪ 'ਚ ਗਿਣਿਆ ਜਾਵੇਗਾ। 

ਯੂਟੀ ਪ੍ਰਸ਼ਾਸਨ ਨੇ ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਵੱਲੋਂ 1 ਅਪ੍ਰੈਲ ਤੋਂ ਜਾਰੀ ਹੋਏ ਨੋਟੀਫਿਕੇਸ਼ਨ ਨੂੰ ਲਾਗੂ ਕੀਤਾ ਸੀ, ਅਤੇ ਇਸ ਨੀਤੀ ਤਹਿਤ ਨਵੇਂ ਵਾਹਨ ਦੀ ਰਜਿਸਟ੍ਰੇਸ਼ਨ 'ਤੇ ਰੋਡ ਟੈਕਸ 'ਤੇ 25 ਫ਼ੀਸਦੀ ਤੱਕ ਦੀ ਛੋਟ ਦੇਣ ਦਾ ਫ਼ੈਸਲਾ ਲਿਆ ਸੀ।

ਨੀਤੀ ਵਿੱਚ ਜਮ੍ਹਾਂ ਸਰਟੀਫ਼ਿਕੇਟ (ਸੀਡੀ) ਜਮ੍ਹਾਂ ਕਰਾਉਣ 'ਤੇ ਇੱਕ ਨਵੇਂ ਵਾਹਨ ਦੀ ਖਰੀਦ 'ਤੇ ਮੋਟਰ ਵਾਹਨ ਟੈਕਸ ਵਿੱਚ ਰਿਆਇਤ ਦਾ ਪ੍ਰਬੰਧ ਹੈ, ਜੋ ਕਿ ਵਾਹਨ ਮਾਲਕ ਨੂੰ ਸਕਰੈਪ  ਵਾਹਨ ਜਮ੍ਹਾਂ ਕਰਵਾਉਣ ਵੇਲੇ ਰਜਿਸਟਰਡ ਵਾਹਨ ਸਕ੍ਰੈਪਿੰਗ ਫ਼ੈਸਿਲਿਟੀ (ਆਰਵੀਐਸਐਫ) ਵੱਲੋਂ ਦਿੱਤਾ ਜਾਵੇਗਾ। 

ਗ਼ੈਰ-ਟਰਾਂਸਪੋਰਟ ਵਾਹਨਾਂ ਦੇ ਮਾਮਲੇ 'ਚ ਟੈਕਸ ਵਿੱਚ 25 ਫ਼ੀਸਦੀ ਅਤੇ ਟਰਾਂਸਪੋਰਟ ਵਾਹਨਾਂ ਦੇ ਮਾਮਲੇ 'ਚ 15 ਫ਼ੀਸਦੀ ਤੱਕ ਦੀ ਛੋਟ ਮਿਲੇਗੀ। ਹਾਲਾਂਕਿ, ਟਰਾਂਸਪੋਰਟ ਵਾਹਨਾਂ ਦੇ ਮਾਮਲੇ ਵਿੱਚ ਰਿਆਇਤ ਅੱਠ ਸਾਲ ਤੱਕ ਅਤੇ ਗ਼ੈਰ-ਟਰਾਂਸਪੋਰਟ ਵਾਹਨਾਂ ਦੇ ਮਾਮਲੇ ਵਿੱਚ 15 ਸਾਲ ਤੱਕ ਉਪਲਬਧ ਹੋਵੇਗੀ। ਮਿਆਦ ਦੀ ਸਮਾਪਤੀ ਤੋਂ ਬਾਅਦ ਮੋਟਰ ਵਾਹਨ ਟੈਕਸ ਵਿੱਚ ਕੋਈ ਰਿਆਇਤ ਨਹੀਂ ਮਿਲੇਗੀ।

ਨੀਤੀ ਨਾਲ ਕਈ ਕਿਸਮ ਦੇ ਲਾਭ ਮਿਲਣ ਦੀ ਉਮੀਦ ਹੈ। ਇਸ ਤਹਿਤ ਨਵੇਂ ਵਾਹਨ ਦੀ ਕੀਮਤ ਘਟਾਉਣ ਵਿੱਚ ਮਦਦ ਮਿਲੇਗੀ, ਭਾਵ ਨਵਾਂ ਵਾਹਨ ਖਰੀਦਣ ਵੇਲੇ 5 ਫ਼ੀਸਦੀ ਤੱਕ ਦੀ ਛੋਟ ਮਿਲ ਸਕਦੀ ਹੈ, ਅਤੇ ਨਾਲ ਹੀ ਨਵੇਂ ਵਾਹਨ ਦੀ ਖਰੀਦ 'ਤੇ ਰਜਿਸਟ੍ਰੇਸ਼ਨ ਫ਼ੀਸ ਵੀ ਸਿਫ਼ਰ ਲੱਗਣ ਦੀ ਸਹੂਲਤ ਮਿਲ ਸਕਦੀ ਹੈ। 

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਨੁਸਾਰ, ਭਾਰਤ ਵਿੱਚ 20 ਸਾਲ ਤੋਂ ਪੁਰਾਣੇ ਵਾਹਨਾਂ ਦੀ ਗਿਣਤੀ 2.1 ਕਰੋੜ ਹੈ।

ਐਸ.ਟੀ.ਏ. ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਪ੍ਰਾਈਵੇਟ ਫ਼ਰਮ ਨੂੰ ਕੇਂਦਰ ਦੀ ਸਥਾਪਨਾ ਲਈ ਪ੍ਰਵਾਨਗੀ ਦਿੱਤੀ ਗਈ ਹੈ, ਅਤੇ ਇਸ ਦੇ ਅਗਲੇ ਸਾਲ 1 ਅਪ੍ਰੈਲ ਤੋਂ ਚਾਲੂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। 

ਪੁਰਾਣੇ ਵਾਹਨਾਂ ਨੂੰ ਸਕਰੈਪ 'ਚ ਦੇਣ ਨਾਲ ਮਿਲਣ ਵਾਲੇ ਲਾਭ-  

ਨਿਰਮਾਤਾ ਨਵੇਂ ਵਾਹਨ 'ਤੇ 5 ਫ਼ੀਸਦੀ ਤੱਕ ਦੀ ਛੋਟ ਦੇ ਸਕਦੇ ਹਨ
ਨਵਾਂ ਵਾਹਨ ਖਰੀਦਣ 'ਤੇ ਜ਼ੀਰੋ ਰਜਿਸਟ੍ਰੇਸ਼ਨ ਫੀਸ
ਮਾਲਕ ਨਵੇਂ ਵਾਹਨ ਦੀ ਐਕਸ-ਸ਼ੋਰੂਮ ਕੀਮਤ ਦੇ 4 ਤੋਂ 6 ਪ੍ਰਤੀਸ਼ਤ ਦੇ ਬਰਾਬਰ ਸਕਰੈਪ ਮੁੱਲ ਪ੍ਰਾਪਤ ਕਰ ਸਕਦੇ ਹਨ

ਮੋਟਰ ਵਾਹਨ ਟੈਕਸ ਵਿੱਚ ਰਿਆਇਤਾਂ-

ਗ਼ੈਰ-ਟਰਾਂਸਪੋਰਟ ਵਾਹਨਾਂ ਲਈ 25 ਫ਼ੀਸਦੀ ਤੱਕ (15 ਸਾਲ ਤੱਕ ਉਪਲਬਧ)
ਆਵਾਜਾਈ ਵਾਹਨਾਂ ਲਈ 15 ਫ਼ੀਸਦੀ ਤੱਕ (ਅੱਠ ਸਾਲਾਂ ਤੱਕ ਉਪਲਬਧ)