ਜਗਦੀਪ ਧਨਖੜ ਦੇ ਮਾਰਗਦਰਸ਼ਨ 'ਚ ਰਾਜ ਸਭਾ ਆਪਣੀ ਵਿਰਾਸਤ ਨੂੰ ਵਧਾਏਗੀ, ਨਵੀਆਂ ਉਚਾਈਆਂ ਨੂੰ ਛੂਹੇਗੀ: PM ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਸਰਦ ਰੁੱਤ ਇਜਲਾਸ ਦਾ ਪਹਿਲਾ ਦਿਨ

PM Modi

 

ਨਵੀਂ ਦਿੱਲੀ - ਅੱਜ ਸਰਦ ਰੁੱਤ ਇਜਲਾਸ ਦਾ ਪਹਿਲਾਂ ਦਿਨ ਹੈ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਰਾਜ ਸਭਾ ਨੇ ਬੁੱਧਵਾਰ ਨੂੰ ਚੇਅਰਮੈਨ ਜਗਦੀਪ ਧਨਖੜ ਨੂੰ ਉੱਚ ਸਦਨ ਚਲਾਉਣ ਦੀ ਜ਼ਿੰਮੇਵਾਰੀ ਸੰਭਾਲਣ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਕਿਸਾਨ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਦਨ ਭਾਗਾਂ ਵਾਲਾ ਹੈ ਜੋ ਉਹਨਾਂ ਨੂੰ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਮਿਲਿਆ। 

ਦੇਸ਼ ਦੇ ਉਪ-ਰਾਸ਼ਟਰਪਤੀ ਬਣਨ ਤੋਂ ਬਾਅਦ ਧਨਖੜ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਬੁੱਧਵਾਰ ਨੂੰ ਪਹਿਲੀ ਵਾਰ ਰਾਜ ਸਭਾ ਦੀ ਕਾਰਵਾਈ ਚਲਾਈ। ਉਪ ਰਾਸ਼ਟਰਪਤੀ ਰਾਜ ਸਭਾ ਦਾ ਕਾਰਜਕਾਰੀ ਚੇਅਰਮੈਨ ਹੁੰਦਾ ਹੈ। ਇਸ ਮੌਕੇ ਧਨਖੜ ਦਾ ਸੁਆਗਤ ਕਰਦਿਆਂ ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਰਾਜ ਸਭਾ ਨਾ ਸਿਰਫ਼ ਆਪਣੀ ਵਿਰਾਸਤ ਨੂੰ ਅੱਗੇ ਵਧਾਏਗੀ ਸਗੋਂ ਇਸ ਨੂੰ ਨਵੀਆਂ ਉਚਾਈਆਂ ਤੱਕ ਵੀ ਲੈ ਜਾਵੇਗੀ। 

ਜਗਦੀਪ ਧਨਖੜ ਦੇ ਕਿਸਾਨ ਪਿਛੋਕੜ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦਨ ਖੁਸ਼ਕਿਸਮਤ ਹੈ ਕਿ ਉਹਨਾਂ ਨੂੰ ਧਨਖੜ ਵਰਗੇ ਜ਼ਮੀਨ ਨਾਲ ਜੁੜੇ ਹੋਏ ਨੇਤਾ ਮਿਲੇ। ਉਨ੍ਹਾਂ ਕਿਹਾ ਕਿ ਧਨਖੜ ਅਜਿਹੇ ਸਮੇਂ ਰਾਜ ਸਭਾ ਦੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਹਨ ਜਦੋਂ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲੀ ਹੈ ਅਤੇ ਆਜ਼ਾਦੀ ਦੇ 75 ਸਾਲਾਂ ਬਾਅਦ ਆਪਣੇ ਸਫ਼ਰ 'ਤੇ ਅੱਗੇ ਵਧਿਆ ਹੈ।

ਉਨ੍ਹਾਂ ਕਿਹਾ ਕਿ ਇਹ ਦੌਰ ਨਾ ਸਿਰਫ਼ ਇੱਕ ਵਿਕਸਤ ਭਾਰਤ ਦੇ ਵਿਕਾਸ ਦਾ ਗਵਾਹ ਬਣੇਗਾ, ਸਗੋਂ ਭਾਰਤ ਇਸ ਸਮੇਂ ਦੌਰਾਨ ਵਿਸ਼ਵ ਦੀ ਭਵਿੱਖੀ ਦਿਸ਼ਾ ਤੈਅ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਇਸ ਦੌਰੇ ਵਿਚ ਭਾਰਤੀ ਸੰਸਦੀ ਪ੍ਰਣਾਲੀ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਰਾਸ਼ਟਰਪਤੀ ਵਜੋਂ ਦਲਿਤ ਪਿਛੋਕੜ ਅਤੇ ਮੌਜੂਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਆਦਿਵਾਸੀ ਪਿਛੋਕੜ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਨਖੜ ਇੱਕ ਕਿਸਾਨ ਦਾ ਪੁੱਤਰ ਹੈ ਅਤੇ ਅੱਜ ਉਹ ਉੱਚ ਸਦਨ ਵਿਚ ਦੇਸ਼ ਦੇ ਪਿੰਡ, ਗਰੀਬ ਅਤੇ ਕਿਸਾਨ ਦੀ ਊਰਜਾ ਦੀ ਨੁਮਾਇੰਦਗੀ ਕਰ ਰਹੇ ਹਨ। 

ਉਨ੍ਹਾਂ ਕਿਹਾ, ''ਧਨਖੜ ਦਾ ਜੀਵਨ ਇਸ ਗੱਲ ਦਾ ਸਬੂਤ ਹੈ ਕਿ ਸਫ਼ਲਤਾ ਸਿਰਫ਼ ਸਾਧਨਾਂ ਨਾਲ ਨਹੀਂ ਮਿਲਦੀ, ਸਗੋਂ ਅਧਿਆਤਮਿਕ ਅਭਿਆਸ ਨਾਲ ਮਿਲਦੀ ਹੈ। ਤੁਸੀਂ ਪਿੰਡ, ਗਰੀਬ, ਕਿਸਾਨ ਲਈ ਜੋ ਕੀਤਾ ਉਹ ਸਮਾਜਿਕ ਜੀਵਨ ਵਿਚ ਹਰ ਵਿਅਕਤੀ ਲਈ ਮਿਸਾਲ ਹੈ।'' ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਸਪੀਕਰ ਧਨਖੜ ਨੂੰ ਵਧਾਈ ਦਿੰਦੇ ਹੋਏ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ 'ਚ ਉੱਚ ਮਿਆਰ ਕਾਇਮ ਕੀਤੇ ਜਾਣਗੇ। ਗੋਇਲ ਨੇ ਕਿਹਾ ਕਿ ਸਾਰੇ ਮੈਂਬਰਾਂ ਲਈ ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਉਹ ਸਦਨ ਦੇ ਇਸ ਉੱਚ ਅਤੇ ਮਾਣਮੱਤੇ ਅਹੁਦੇ 'ਤੇ ਬਿਰਾਜਮਾਨ ਹਨ। ਉਨ੍ਹਾਂ ਕਿਹਾ ਕਿ ਚੇਅਰਮੈਨ ਨੂੰ ਮਿਲਣਾ, ਗੱਲਬਾਤ ਕਰਨਾ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਹਮੇਸ਼ਾ ਖੁਸ਼ੀ ਦੀ ਗੱਲ ਹੈ।

ਉਨ੍ਹਾਂ ਆਸ ਪ੍ਰਗਟਾਈ ਕਿ ਧਨਖੜ ਦੀ ਅਗਵਾਈ ਹੇਠ ਰਾਜ ਸਭਾ ਕੰਮਕਾਜ ਦੇ ਉੱਚੇ ਮਾਪਦੰਡ ਤੈਅ ਕਰੇਗੀ ਅਤੇ ਸਾਰੇ ਮੈਂਬਰ ਬਿਨ੍ਹਾਂ ਕਿਸੇ ਭੇਦਭਾਵ ਦੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਇੱਕ ਨਵੀਂ ਪਰੰਪਰਾ ਕਾਇਮ ਹੋ ਰਹੀ ਹੈ ਜਿਸ ਵਿਚ ਆਮ ਘਰਾਂ ਤੋਂ ਆਏ ਲੋਕ ਦੇਸ਼ ਦੇ ਉੱਚ ਅਹੁਦਿਆਂ ’ਤੇ ਆ ਰਹੇ ਹਨ। ਉਨ੍ਹਾਂ ਇਸ ਸਬੰਧੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਇਹ ਆਸ ਬੱਝੀ ਹੈ ਕਿ ਕੋਈ ਵਿਅਕਤੀ ਆਪਣੀ ਜਾਤ ਕਾਰਨ ਨਹੀਂ ਸਗੋਂ ਆਪਣੀ ਯੋਗਤਾ ਅਤੇ ਕੰਮ ਕਰਕੇ ਉੱਚਾ ਅਹੁਦਾ ਹਾਸਲ ਕਰ ਸਕਦਾ ਹੈ।
ਸਦਨ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਨਵੇਂ ਸਪੀਕਰ ਧਨਖੜ ਤੋਂ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ 'ਚ ਸਦਨ 'ਚ ਕਾਫੀ ਬੈਠਕਾਂ ਹੋਣਗੀਆਂ।

ਖੜਗੇ ਨੇ ਹਾਲਾਂਕਿ ਜਲਦਬਾਜ਼ੀ ਵਿਚ ਕਾਨੂੰਨ ਪਾਸ ਕਰਨ ਅਤੇ ਸੰਸਦ ਦੀਆਂ ਘੱਟ ਬੈਠਕਾਂ ਕਾਰਨ ਸਮਾਜ ਦੇ ਹੇਠਲੇ ਵਰਗਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਲਈ ਸੰਸਦ ਨੂੰ ਲੋੜੀਂਦਾ ਸਮਾਂ ਨਾ ਮਿਲਣ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ। ਚੇਅਰਮੈਨ ਧਨਖੜ ਨੂੰ 'ਭੂਮੀਪੁਤਰ' ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਵਿਧਾਇਕ, ਸੰਸਦ ਮੈਂਬਰ, ਕੇਂਦਰੀ ਮੰਤਰੀ ਅਤੇ ਰਾਜਪਾਲ ਵਜੋਂ ਵਿਧਾਨਿਕ ਕੰਮਾਂ ਦਾ ਲੰਬਾ ਤਜਰਬਾ ਹੈ।

ਖੜਗੇ ਨੇ ਕਿਹਾ ਕਿ ਚੇਅਰਮੈਨ ਨੂੰ ਕਾਨੂੰਨ ਦੀ ਚੰਗੀ ਜਾਣਕਾਰੀ ਹੈ ਅਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇਕਰ ਜਲਦਬਾਜ਼ੀ 'ਚ ਕਾਨੂੰਨ ਪਾਸ ਕੀਤਾ ਜਾਂਦਾ ਹੈ ਤਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ ਕਾਨੂੰਨ ਦੀ ਗੁਣਵੱਤਾ 'ਤੇ ਟਿੱਪਣੀ ਕਰਦੇ ਹਨ। “ਇਹ ਸਾਡੀ ਸੰਸਦੀ ਪ੍ਰਣਾਲੀ ਦੀ ਸਿਹਤ ਅਤੇ ਅਕਸ ਲਈ ਚੰਗਾ ਨਹੀਂ ਲੱਗਦਾ। 

ਖੜਗੇ ਨੇ ਕਿਹਾ ਕਿ ਨਹਿਰੂ ਨੇ ਕਦੇ ਵੀ ਰਾਜ ਸਭਾ ਦੇ ਅਧਿਕਾਰਾਂ ਨੂੰ ਘੱਟ ਨਹੀਂ ਹੋਣ ਦਿੱਤਾ। ਉਨ੍ਹਾਂ ਇਸ ਸਬੰਧ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਇਕ ਬਿਆਨ ਦਾ ਹਵਾਲਾ ਦਿੱਤਾ, ਜਿਸ ਵਿਚ ਉਨ੍ਹਾਂ ਕਿਹਾ ਕਿ ਮਨੀ ਬਿੱਲ ਨੂੰ ਛੱਡ ਕੇ ਦੋਵਾਂ ਸਦਨਾਂ ਦੀਆਂ ਸ਼ਕਤੀਆਂ ਵਿਚ ਕੋਈ ਅੰਤਰ ਨਹੀਂ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਦੇ ਮੈਂਬਰ ਭਾਵੇਂ ਘੱਟ ਹਨ ਪਰ ਉਨ੍ਹਾਂ ਦੇ ਤਜ਼ਰਬਿਆਂ ਅਤੇ ਦਲੀਲਾਂ ਵਿਚ ਮਜ਼ਬੂਤੀ ਹੈ ਪਰ ਸਮੱਸਿਆ ਇਹ ਹੈ ਕਿ ਸੰਖਿਆਵਾਂ ਦੀ ਗਿਣਤੀ ਅਤੇ ਵਿਚਾਰਾਂ 'ਤੇ ਵਿਚਾਰ ਨਹੀਂ ਕੀਤਾ ਜਾਂਦਾ।