ਫ਼ੌਜੀ ਕਾਰਵਾਈ ਨਾਲ ਨਹੀਂ ਹੋ ਸਕਦਾ ਕਸ਼ਮੀਰ ਮੁੱਦੇ ਦਾ ਹੱਲ : ਪੀਐਮ ਨਾਰਵੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ ਗੁਆਂਢੀ ਮੁਲਕਾਂ ਵਿਚ ਸ਼ਾਂਤੀ ਹੋਣੀ ਚਾਹੀਦੀ ਹੈ,ਤਾਂ ਕਿ ਉਹ ਸਿੱਖਿਆ ਅਤੇ ਸਿਹਤ ਜਿਹੇ ਮੁੱਦਿਆਂ 'ਤੇ ਵੱਧ ਪੈਸਾ ਖਰਚ ਕਰ ਸਕਣ ਨਾ ਕਿ ਫ਼ੌਜੀ ਤਿਆਰੀਆਂ 'ਤੇ।

Norway PM Erna Solberg

ਨਵੀਂ ਦਿੱਲੀ : ਨਾਰਵੇ ਦੀ ਪੀਐਮ ਏਰਨਾ ਸੋਲਬਰਗ ਭਾਰਤ ਦੀ ਤਿੰਨ ਰੋਜ਼ਾ ਯਾਤਰਾ 'ਤੇ ਨਵੀਂ ਦਿੱਲੀ ਪੁਹੰਚੇ। ਨਾਰਵੇ ਯੂਰਪ ਦੇ ਉਸ ਹਿੱਸੇ 'ਤੇ ਮੌਜੂਦ ਹੈ ਜਿਥੇ ਭਾਰਤ ਨੇ ਹੁਣੇ ਜਿਹੇ ਅਪਣੇ ਹਾਲਾਤਾਂ ਨੂੰ ਮਜ਼ਬੂਤ ਬਨਾਉਣ ਲਈ ਨਵੀਂ ਪਹਿਲ ਦੀ ਸ਼ੁਰੂ ਕੀਤੀ ਹੈ। ਸੋਲਬਰਗ ਦੀ ਇਸ ਯਾਤਰਾ ਦੀ ਉਡੀਕ ਕੀਤੀ ਜਾ ਰਹੀ ਸੀ। ਪਰ ਇਸ ਦੌਰਾਨ ਉਹਨਾਂ ਨੇ ਇਕ ਜਨਤਕ ਪ੍ਰੋਗਰਾਮ ਦੌਰਾਨ ਭਾਰਤ ਅਤੇ ਪਾਕਿਸਤਾਨ ਸਬੰਧੀ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਦਾ ਫ਼ੈਸਲਾ ਅਪਣੇ ਪੱਧਰ 'ਤੇ ਹੀ ਕਰਨਾ ਹੈ।

ਪਰ ਖੇਤਰ ਵਿਚ ਸ਼ਾਂਤੀ ਦੀ ਸੰਭਾਵਨਾ ਜੇਕਰ ਬਣਦੀ ਹੈ ਤਾਂ ਉਹ ਜਾਂ ਫਿਰ ਕੋਈ ਦੇਸ਼ ਇਸ ਵਿਚ ਵਿਚੋਲਾ ਬਣ ਸਕਦਾ ਹੈ। ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਕਸ਼ਮੀਰ ਦਾ ਕੋਈ ਫ਼ੌਜੀ ਹੱਲ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਇਹ ਨਹੀਂ ਸਮਝਦੀ ਕਿ ਕਿਸੇ ਵੀ ਹਿੰਸਾ ਪ੍ਰਭਾਵੀ ਖੇਤਰ ਵਿਚ ਫ਼ੌਜੀ ਕਾਰਵਾਈ ਨਾਲ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ। ਮੈਂ ਸਿਰਫ ਕਸ਼ਮੀਰ ਦੀ ਹੀ ਗੱਲ ਨਹੀਂ ਕਰ ਰਹੀ। ਸਾਡੇ ਸਾਹਮਣੇ ਸੀਰੀਆ ਦਾ ਉਦਾਹਰਣ ਹੈ। ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੋ ਗੁਆਂਢੀ ਮੁਲਕਾਂ ਵਿਚ ਸ਼ਾਂਤੀ ਹੋਣੀ ਚਾਹੀਦੀ ਹੈ,

ਤਾਂ ਕਿ ਉਹ ਸਿੱਖਿਆ ਅਤੇ ਸਿਹਤ ਜਿਹੇ ਮੁੱਦਿਆਂ 'ਤੇ ਵੱਧ ਪੈਸਾ ਖਰਚ ਕਰ ਸਕਣ ਨਾ ਕਿ ਫ਼ੌਜੀ ਤਿਆਰੀਆਂ 'ਤੇ। ਨਾਰਵੇ ਦੀ ਪੀਐਮ ਦੇ ਇਸ ਬਿਆਨ 'ਤੇ ਭਾਰਤ ਨੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ। ਨਵੀਂ ਦਿੱਲੀ ਸਥਿਤ ਰਾਜਦੂਤ ਨੀਲਸ ਰਾਗਨੇਰ ਨੇ ਟਵੀਟ ਕੀਤਾ ਕਿ ਸਾਡੇ ਦੇਸ਼ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਸ ਕਿਸੇ ਤਰ੍ਹਾਂ ਦੀ ਵਿਚੋਲਗਿਰੀ ਦਾ ਮਤਾ ਪੇਸ਼ ਨਹੀਂ ਕੀਤਾ ਹੈ। ਨਾ ਹੀ ਸਾਨੂੰ ਕਿਸੇ ਕੋਲੋਂ ਮਤਾ ਮਿਲਿਆ ਹੈ ਅਤੇ ਨਾ ਹੀ ਨਾਰਵੇ ਵੱਲੋਂ ਅਜਿਹਾ ਕਿਹਾ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਨਾਰਵੇ ਦੇ ਰਾਜਦੂਤ ਨੇ ਸਥਿਤੀ ਸਪਸ਼ਟ ਕਰ ਦਿਤੀ ਹੈ ਤਾਂ ਅਜਿਹੇ ਵਿਚ ਕਹਿਣ ਨੂੰ ਕੁਝ ਨਹੀਂ ਹੈ।