ਹੁਣ 'ਸਕਿਓਰਟੀ ਇੰਕ' ਜ਼ਰੀਏ ਲੱਗੇਗੀ ਨਕਲੀ ਨੋਟਾਂ 'ਤੇ ਲਗਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਵੇਂ ਕਿ ਨੋਟਬੰਦੀ ਮਗਰੋਂ ਇਹ ਦਾਅਵੇ ਕੀਤੇ ਗਏ ਸਨ ਕਿ ਇਸ ਨਾਲ ਭ੍ਰਿਸ਼ਟਾਚਾਰ ਘਟੇਗਾ ਅਤੇ ਨਕਲੀ ਕਰੰਸੀ 'ਤੇ ਲਗਾਮ ਲੱਗੇਗੀ ਪਰ ਹਕੀਕਤ ਇਹ ਹੈ ਕਿ ਨੋਟਬੰਦੀ....

ਨੋਟ

ਜਲੰਧਰ : ਭਾਵੇਂ ਕਿ ਨੋਟਬੰਦੀ ਮਗਰੋਂ ਇਹ ਦਾਅਵੇ ਕੀਤੇ ਗਏ ਸਨ ਕਿ ਇਸ ਨਾਲ ਭ੍ਰਿਸ਼ਟਾਚਾਰ ਘਟੇਗਾ ਅਤੇ ਨਕਲੀ ਕਰੰਸੀ 'ਤੇ ਲਗਾਮ ਲੱਗੇਗੀ ਪਰ ਹਕੀਕਤ ਇਹ ਹੈ ਕਿ ਨੋਟਬੰਦੀ ਮਗਰੋਂ ਇਹ ਦੋਵੇਂ ਕੰਮ ਪਹਿਲਾਂ ਦੀ ਤਰ੍ਹਾਂ ਜਾਰੀ ਹਨ, ਬਲਕਿ ਨੋਟਬੰਦੀ ਦੇ ਚਲਦਿਆਂ ਹੀ ਨਵੇਂ ਨਕਲੀ ਨੋਟਾਂ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਗਈਆਂ ਸਨ, ਪਰ ਹੁਣ ਭਾਰਤ ਸਰਕਾਰ ਨੇ ਨਕਲੀ ਕਰੰਸੀ ਨੂੰ ਨੱਥ ਪਾਉਣ ਲਈ ਇਕ ਅਜਿਹੀ ਵਿਸ਼ੇਸ਼ ਪ੍ਰਕਾਰ ਦੀ 'ਸਕਿਓਰਟੀ ਇੰਕ' ਤਿਆਰ ਕੀਤੀ ਹੈ। ਜਿਸ ਦੀ ਵਰਤੋਂ ਆਉਣ ਵਾਲੇ ਸਮੇਂ ਵਿਚ ਨੋਟਾਂ ਦੀ ਛਪਾਈ ਲਈ ਕੀਤੀ ਜਾ ਸਕਦੀ ਹੈ।

ਇਸ ਸਬੰਧੀ ਜਾਣਕਾਰੀ ਲਵਲੀ ਯੂਨੀਵਰਸਿਟੀ ਵਿਖੇ ਹੋ ਰਹੀ ਸਾਇੰਸ ਕਾਂਗਰਸ ਦੌਰਾਨ ਆਈ.ਆਈ.ਟੀ ਧਨਵਾਦ ਦੇ ਪ੍ਰੋਫੈਸਰ ਡਾ. ਵਿਨੀਤ ਰਾਏ ਨੇ ਦਿਤੀ। ਉਨ੍ਹਾਂ ਆਖਿਆ ਕਿ ਇਸ ਸਿਆਹੀ ਨਾਲ ਲਿਖੇ ਹੋਏ ਅੱਖਰਾਂ ਨੂੰ ਆਮ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਬਲਕਿ ਇਸ ਨੂੰ ਲੇਜ਼ਰ ਦੀ ਮਦਦ ਨਾਲ ਦੇਖਿਆ ਜਾ ਸਕੇਗਾ। ਡਾ. ਰਾਏ ਅਨੁਸਾਰ ਇਹ ਸਕਿਓਰਟੀ ਇੰਕ ਨਕਲੀ ਕਰੰਸੀ ਦੀ ਤਸਕਰੀ ਨੂੰ ਰੋਕਣ ਵਿਚ ਬੇਹੱਦ ਕਾਰਗਰ ਸਾਬਤ ਹੋਵੇਗੀ। ਦਸ ਦਈਏ ਕਿ 2000 ਰੁਪਏ ਦੇ ਨਵੇਂ ਨੋਟ ਆਉਣ ਤੋਂ ਬਾਅਦ ਵੀ ਇਨਕਮ ਟੈਕਸ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਥਾਵਾਂ ਤੋਂ ਵੱਡੀ ਮਾਤਰਾ ਵਿਚ ਨਵੇਂ ਨੋਟ ਬਰਾਮਦ ਕੀਤੇ ਗਏ ਸਨ,

ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਨਵੇਂ ਨੋਟਾਂ ਵਿਚ ਇਕ ਚਿਪ ਲੱਗੀ ਹੋਈ, ਜਿਸ ਦੇ ਜ਼ਰੀਏ ਸਰਕਾਰ ਨੂੰ ਪਤਾ ਚੱਲ ਜਾਂਦਾ ਹੈ ਕਿ ਨੋਟ ਕਿੱਥੇ ਛੁਪਾ ਕੇ ਰੱਖੇ ਹੋਏ ਹਨ। ਕੁਝ ਲੋਕਾਂ ਵਲੋਂ ਨਵੇਂ ਨੋਟਾਂ ਵਿਚ ਡਿਜ਼ੀਟਲ ਇੰਕ ਦੀ ਵਰਤੋਂ ਦੀ ਗੱਲ ਵੀ ਆਖੀ ਗਈ ਸੀ, ਜਦਕਿ ਅਜਿਹਾ ਕੁੱਝ ਨਹੀਂ। ਹੁਣ ਜੇਕਰ ਸਰਕਾਰ ਨਵੇਂ ਨੋਟਾਂ ਵਿਚ ਕਿਸੇ ਤਰ੍ਹਾਂ ਦੀ ਵਿਸ਼ੇਸ਼ ਸਕਿਓਰਟੀ ਇੰਕ ਦੀ ਵਰਤੋਂ ਕਰਨ ਜਾ ਰਹੀ ਹੈ ਤਾਂ ਯਕੀਨਨ ਤੌਰ 'ਤੇ ਇਸ ਨਾਲ ਨਕਲੀ ਕਰੰਸੀ ਨੂੰ ਨੱਥ ਪਾਈ ਜਾ ਸਕੇਗੀ।