ਈਰਾਨ ਅਤੇ ਅਮਰੀਕਾ ਵਿਚਾਲੇ ਵੱਧ ਰਹੇ ਤਣਾਅ ਕਾਰਨ ਸੋਨੇ ਅਤੇ ਚਾਂਦੀ ਦੇ ਭਾਅ ਨੇ ਤੋੜਿਆ ਰਿਕਾਰਡ!

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰੀਕਾ ਨੇ ਇਰਾਕ ਦੀ ਰਾਜਧਾਨੀ ਬਗਦਾਦ ਦੇ ਏਅਰਪੋਰਟ 'ਤੇ ਹਵਾਈ ਹਮਲਾ ਕੀਤਾ ਸੀ ਜਿਸ ਵਿਚ ਈਰਾਨ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ।

File Photo

ਨਵੀਂ ਦਿੱਲੀ :  ਅਮਰੀਕਾ ਅਤੇ ਈਰਾਨ ਵਿਚਾਲੇ ਵੱਧ ਰਹੇ ਤਣਾਅ ਦਾ ਅਸਰ ਹੁਣ ਅੰਤਰਾਸ਼ਟਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਤੇ ਵੀ ਦਿਖਾਈ ਦੇ ਰਿਹਾ ਹੈ। ਅੰਤਰਾਸ਼ਟਰੀ ਬਜ਼ਾਰ ਵਿਚ ਅੱਜ ਬੁੱਧਵਾਰ ਨੂੰ ਸੋਨੇ ਦਾ ਭਾਅ 1600 ਡਾਲਰ ਪ੍ਰਤੀ ਔਂਸ ਦੇ ਪਾਰ ਚਲਿਆ ਗਿਆ ਹੈ। ਗਲੋਬਲ ਪੱਧਰ 'ਤੇ ਸੋਨੇ ਦਾ ਭਾਅ ਲਗਭਗ ਸੱਤ ਸਾਲਾਂ ਬਾਅਦ 1600 ਡਾਲਰ ਪ੍ਰਤੀ ਔਂਸ ਦੇ ਪਾਰ ਗਿਆ ਹੈ।

ਅੱਜ ਬੁੱਧਵਾਰ ਨੂੰ ਭਾਰਤ ਵਿਚ ਸੋਨੇ ਦੇ ਭਾਅ ਦੀ ਸ਼ੁਰੂਆਤ 40,946 ਰੁਪਏ ਪ੍ਰਤੀ ਦਸ ਗ੍ਰਾਮ ਦੇ ਭਾਅ ਨਾਲ ਹੋਈ। ਕੁੱਝ ਦੇਰ ਬਾਅਦ ਸੋਨੇ ਦੇ ਭਾਅ 41,278 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ। ਇਹ ਹੁਣ ਤੱਕ ਦੇ ਸੱਭ ਤੋਂ ਵਧੇ ਹੋਏ ਭਾਅ ਹਨ।

ਦੂਜੇ ਪਾਸੇ ਚਾਂਦੀ ਦੇ ਭਾਅ ਵਿਚ ਤੇਜ਼ੀ ਦਰਜ ਕੀਤੀ ਗਈ ਹੈ। ਚਾਂਦੀ 550 ਰੁਪਏ ਯਾਨੀ ਕਿ 1.15 ਫ਼ੀਸਦੀ ਦੀ ਤੇਜੀ ਨਾਲ 48,661 ਰੁਪਏ ਪ੍ਰਤੀ ਕਿਲੋ ਗ੍ਰਾਮ ਤੱਕ ਪਹੁੰਚ ਗਈ ਹੈ। ਵਿਆਹਾ ਦੇ ਇਸ ਸੀਜ਼ਨ ਵਿਚ ਸੋਨੇ ਅਤੇ ਚਾਂਦੀ ਦੇ ਭਾਅ ਵੱਧਣ ਨਾਲ ਗ੍ਰਾਹਕਾ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ।

ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਦੇ ਕਾਰਨ ਸੁਰੱਖਿਅਤ ਨਿਵੇਸ਼ ਦੇ ਪ੍ਰਤੀ ਨਿਵੇਸ਼ਕਾ ਦਾ ਰੁਝਾਨ ਹੋਣ ਨਾਲ ਸੋਨੇ ਦੇ ਭਾਅ ਵਿਚ ਤੇਜੀ ਵੇਖੀ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਸ਼ੁੱਕਰਵਾਰ ਨੂੰ ਅਮਰੀਕਾ ਨੇ ਇਰਾਕ ਦੀ ਰਾਜਧਾਨੀ ਬਗਦਾਦ ਦੇ ਏਅਰਪੋਰਟ 'ਤੇ ਹਵਾਈ ਹਮਲਾ ਕੀਤਾ ਸੀ। ਇਸ ਹਮਲੇ ਵਿਚ ਈਰਾਨ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਅੱਜ ਬੁੱਧਵਾਰ ਨੂੰ ਈਰਾਨ ਨੇ ਈਰਾਕ ਦੇ ਵਿਚ ਅਮਰੀਕੀ ਫ਼ੌਜੀ ਟਿਕਾਣਿਆ 'ਤੇ ਮਿਸਾਇਲਾਂ ਨਾਲ ਹਮਲਾ ਕਰ ਦਿੱਤਾ ਹੈ ਜਿਸ ਵਿਚ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ।