ਝਾੜੂਆਂ ਤੇ ਵਾਇਪਰਾਂ ਦਾ ਟਰੱਕ ਲੈ ਕੇ ਦਿੱਲੀ ਪੁੱਜੇ ਨੌਜਵਾਨ, ਸਫਾਈ ਲਈ ਵਿੱਢੀ ਵਿਲੱਖਣ ਮੁਹਿੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨੀ ਮੋਰਚੇ ’ਚ ਰੱਖਿਆ ਜਾ ਰਿਹੈ ਸਾਫ਼ ਸਫ਼ਾਈ ਦਾ ਪੂਰਾ ਖ਼ਿਆਲ

Youths arrive with brooms and wipers truck

ਨਵੀਂ ਦਿੱਲੀ (ਅਰਪਨ ਕੌਰ): ਕਿਸਾਨੀ ਮੋਰਚੇ ਨੂੰ 40 ਦਿਨ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਤੇ ਇਹ ਸੰਘਰਸ਼ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਿਹਾ ਹੈ। ਬਾਰਡਰਾਂ ‘ਤੇ ਵੱਖ-ਵੱਖ ਥਾਈਂ ਲੰਗਰ ਲਗਾਏ ਜਾ ਰਹੇ ਨੇ ਤੇ ਸਫਾਈ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ।

ਮੋਰਚੇ ਵਿਚ ਸਫਾਈ ਨੂੰ ਯਕੀਨੀ ਬਣਾਉਣ ਲਈ ਸੰਸਥਾਵਾਂ ਦੇ ਵਲੰਟੀਅਰ ਹਰ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਸਫਾਈ ਕਰਨ ਲਈ ਲੋੜੀਂਦੀਆਂ ਚੀਜ਼ਾ ਦੀ ਪੁਰਤੀ ਲਈ ਨੌਜਵਾਨਾਂ ਨੇ ਵਿਲੱਖਣ ਉਪਰਾਲਾ ਕੀਤਾ ਹੈ। ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਸਫਾਈ ਸਬੰਧੀ ਚੀਜ਼ਾਂ ਦਾ ਟਰੱਕ ਲੈ ਕੇ ਦਿੱਲੀ ਬਾਰਡਰ ‘ਤੇ ਪਹੁੰਚੇ ਹਨ।

ਗੁਰਜੰਟ ਸਿੰਘ ਨਾਂਅ ਦੇ ਵਲੰਟੀਅਰ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਐਮਐਸ ਗਿੱਲ ਉਹਨਾਂ ਨਾਲ ਜੁੜੇ ਹੋਏ ਹਨ। ਉਹ ਕੁਝ ਸਮੇਂ ਤੋਂ ਸਫਾਈ ਲਈ ਝਾੜੂ, ਕੂੜੇਦਾਨ ਵਾਲੇ ਲਿਫਾਫੇ, ਵਾਇਪਰ ਆਦਿ ਦੀ ਸੇਵਾ ਕਰਵਾ ਰਹੇ ਹਨ। ਇਸ ਟਰੱਕ ਵਿਚ ਕਰੀਬ 6000 ਝਾੜੂ, ਕੂੜੇਦਾਨ, ਕੂੜੇਦਾਨ ਵਾਲੇ ਸਟੈਂਡ, ਲਿਫਾਫੇ, ਸਪਰੇਅ ਪੰਪ ਆਦਿ ਹਨ।

ਗੁਰਜੰਟ ਸਿੰਘ ਨੇ ਦੱਸਿਆ ਕਿ ਉਹ 26 ਨਵੰਬਰ ਤੋਂ ਹੀ ਮੋਰਚੇ ਵਿਚ ਹਨ, ਜਿੱਥੇ ਕਿਤੇ ਵੀ ਲੋੜ ਹੁੰਦੀ ਹੈ, ਉਹ ਸੇਵਾ ਕਰਦੇ ਹਨ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਲੰਗਰ ਵਿਚ 10 ਤੋਂ 15 ਝਾੜੂ, ਕਰੀਬ 4 ਕੂੜੇਡਾਨ ਵਾਲੇ ਸਟੈਂਡ ਆਦਿ ਦਿੱਤੇ ਜਾਣ, ਤਾਂ ਜੋ ਸਫਾਈ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਜਾਵੇ ਤੇ ਲੋਕ ਬਿਮਾਰ ਨਾ ਹੋਣ।

ਇਸ ਤੋਂ ਇਲ਼ਾਵਾ ਹੋਰ ਬਾਰਡਰਾਂ ‘ਤੇ ਵੀ ਟਰੱਕ ਭੇਜੇ ਜਾ ਰਹੇ ਹਨ। ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਵੱਲੋਂ ਲਗਾਏ ਗਏ ਲੰਗਰ ਦੌਰਾਨ ਸੇਵਾ ਕਰ ਰਹੇ ਇਕ ਸਿੱਖ ਨੇ ਸਫਾਈ ਸਬੰਧੀ ਚੀਜ਼ਾਂ ਮੁਹੱਈਆ ਕਰਵਾਉਣ ਲਈ ਨੌਜਵਾਨ ਵਲੰਟੀਅਰਾਂ ਦਾ ਧੰਨਵਾਦ ਕੀਤਾ।