ਪੀਐਮ ਮੋਦੀ ਦੀ ਸੁਰੱਖਿਆ ਵਿੱਚ ਉਨ੍ਹਾਂ ਦੀ ਤਰਫੋਂ ਕੋਈ ਕਮੀ ਨਹੀਂ ਆਈ- CM ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਪ੍ਰਧਾਨ ਮੰਤਰੀ ਦੀ ਫੇਰੀ ਸਬੰਧੀ ਲੋੜੀਂਦੇ ਪ੍ਰਬੰਧਾਂ ਦੀ ਨਿਗਰਾਨੀ ਉਨਾਂ ਨੇ ਖੁਦ ਕੀਤੀ'

FILE PHOTO

 

ਚੰਡੀਗੜ੍ਹ : ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਵੱਡੀ ਅਣਗਹਿਲੀ ਮਾਮਲਾ ਅਜੇ ਠੰਡਾ ਨਹੀਂ ਹੋਇਆ। ਸਿਆਸੀ ਗਲਿਆਰਿਆਂ 'ਚ ਇਸ ਕੁਤਾਹੀ ਦੀ ਚਰਚਾ ਹੋ ਰਹੀ ਹੈ। ਇਸ ਸਭ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇੱਕ ਰੈਲੀ ਵਿੱਚ ਦਿੱਤਾ ਗਿਆ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ 'ਚ ਪੀਐੱਮ ਮੋਦੀ ਸੁਰੱਖਿਆ 'ਚ ਕਮੀ ਦੇ ਮਾਮਲੇ 'ਤੇ  ਤੰਜ਼ ਕੱਸਿਆ ਹੈ।

 

 

ਵੀਰਵਾਰ ਨੂੰ ਪੰਜਾਬ ਦੇ ਟਾਂਡਾ 'ਚ ਹੋਈ ਆਪਣੀ ਰੈਲੀ 'ਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੂਰੇ ਦੇਸ਼ 'ਚ ਇਹ ਝੂਠ ਫੈਲਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ ਹੋਈ ਹੈ। ਪੀਐਮ ਮੋਦੀ ਦੀ ਰੈਲੀ ਵਿਚ ਕੋਈ ਕੁਤਾਹੀ ਨਹੀਂ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ  ਭਾਜਪਾ ਦੀ ਰੈਲੀ ਵਿੱਚ ਜਿੱਥੇ 70,000 ਕੁਰਸੀਆਂ ਲਗਾਈਆਂ ਗਈਆਂ ਸਨ, ਸਿਰਫ 700 ਵਿਅਕਤੀ ਹਾਜ਼ਰ ਹੋਣ ਦਾ ਤੱਥ ਮੋਦੀ ਸਰਕਾਰ ਵਿਰੁੱਧ ਲੋਕਾਂ ਦੇ ਮਨਾਂ ਵਿਚਲੇ ਰੋਸ ਨੂੰ ਦਰਸਾਉਂਦਾ ਹੈ। ਉਨਾਂ ਕਿਹਾ ਕਿ ਖਾਲੀ ਪਈਆਂ ਕੁਰਸੀਆਂ ਨੇ ਭਾਜਪਾ ਅਤੇ ਇਸ ਦੀ ਸਮੁੱਚੀ ਲੀਡਰਸ਼ਿਪ ਨੂੰ ਜਨਤਾ ਦੀਆਂ ਭਾਵਨਾਵਾਂ ਦਾ ਪਤਾ ਲਗਾਉਣ ਵਿੱਚ ਨਾਕਾਮ ਰਹਿਣ ਦਾ ਸ਼ੀਸ਼ਾ ਦਿਖਾਇਆ ਹੈ। ਪੰਜਾਬੀਆਂ ਨੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਹੰਕਾਰੀ ਆਗੂਆਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ ਅਤੇ ਇਸ ਦਾ ਅੰਦਾਜ ਭਾਜਪਾ ਦੇ ਇਸ ਫਲਾਪ ਸ਼ੋਅ ਤੋਂ ਲਗਾਇਆ ਜਾ ਸਕਦਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਆਈ ਪਰ ਭਾਜਪਾ ਦੀ ਰੈਲੀ ਵਿੱਚ ਲੋਕਾਂ ਦੀ ਘੱਟ ਗਿਣਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਦੌਰਾ ਰੱਦ ਕਰ ਦਿੱਤਾ। ਉਨਾਂ ਕਿਹਾ ਕਿ ਦੌਰੇ ਦੌਰਾਨ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਸਬੰਧੀ ਲੋੜੀਂਦੇ ਪ੍ਰਬੰਧਾਂ ਦੀ ਨਿਗਰਾਨੀ ਉਨਾਂ ਨੇ ਖ਼ੁਦ ਕੀਤੀ ਹੈ। ਨਾਲ ਹੀ ਉਹਨਾਂ ਨੇ ਸਰਦਾਰ ਪਟੇਲ ਦੇ ਬਹਾਨੇ ਇੱਕ ਵਾਰ ਫਿਰ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ।

 

 

ਪਟੇਲ ਦੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਦਾ ਇੱਕ ਬਿਆਨ ਵੀ ਸਾਂਝਾ ਕੀਤਾ ਹੈ। ਚੰਨੀ ਨੇ ਲਿਖਿਆ ਕਿ ਜਿਸ ਵਿਅਕਤੀ ਨੂੰ ਫਰਜ਼ ਨਾਲੋਂ ਜਾਨ ਦੀ ਜ਼ਿਆਦਾ ਪਰਵਾਹ ਹੋਵੇ, ਉਸਨੂੰ ਭਾਰਤ ਵਰਗੇ ਦੇਸ਼ ਵਿੱਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ। ਇਸ ਤੋਂ ਪਹਿਲਾਂ ਵੀ ਸੀਐਮ ਚੰਨੀ ਨੇ ਕਿਹਾ ਹੈ ਕਿ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਉਨ੍ਹਾਂ ਦੀ ਤਰਫੋਂ ਕੋਈ ਕਮੀ ਨਹੀਂ ਆਈ। ਉਨ੍ਹਾਂ ਮੁਤਾਬਕ ਆਖ਼ਰੀ ਸਮੇਂ 'ਤੇ ਪ੍ਰਧਾਨ ਮੰਤਰੀ ਦਾ ਰੂਟ ਬਦਲਿਆ ਗਿਆ ਸੀ। ਉਨ੍ਹਾਂ ਨੇ ਹਵਾਈ ਜਹਾਜ਼ ਰਾਹੀਂ ਜਾਣਾ ਸੀ, ਪਰ ਉਹ ਸੜਕ ਰਾਹੀਂ ਆਏ ਸਨ। ਫਿਲਹਾਲ ਸੂਬਾ ਸਰਕਾਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਪ੍ਰਧਾਨਗੀ ਹੇਠ ਜਾਂਚ ਕੀਤੀ ਜਾ ਰਹੀ ਹੈ।