ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਨੇ ਲਤੀਫਪੁਰਾ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ

Minority Commission Chairman Iqbal Singh

ਜਲੰਧਰ : ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਅੱਜ ਜਲੰਧਰ ਦੇ ਲਤੀਫਪੁਰਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਵੀ ਮੌਜੂਦ ਸਨ। ਦੱਸ ਦੇਈਏ ਕਿ ਇਹ ਮਾਮਲਾ 9 ਦਸੰਬਰ ਦਾ ਹੈ ਜਦੋਂ ਇੰਪਰੂਵਮੈਂਟ ਟਰੱਸਟ ਦੀ ਟੀਮ ਕਰੀਬ 600 ਪੁਲਿਸ ਮੁਲਾਜ਼ਮਾਂ ਨਾਲ ਡਿੱਚ ਮਸ਼ੀਨਾਂ ਲੈ ਕੇ ਪਹੁੰਚੀ ਅਤੇ ਲੋਕਾਂ ਦੇ ਨਾਜਾਇਜ਼ ਮਕਾਨਾਂ ਨੂੰ ਢਾਹ ਦਿੱਤਾ।

ਜਿਸ ਤੋਂ ਬਾਅਦ ਇਹ ਲੋਕ ਤੰਬੂ ਲਗਾ ਕੇ ਸੌਣ ਲਈ ਮਜਬੂਰ ਹਨ, ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਲਤੀਫਪੁਰਾ ਦੇ ਵਸਨੀਕਾਂ ਨੇ ਕਿਸਾਨਾਂ ਨਾਲ ਮਿਲ ਕੇ ਨੈਸ਼ਨਲ ਹਾਈਵੇਅ ਵੀ ਜਾਮ ਕਰ ਦਿੱਤਾ ਸੀ ਪਰ ਅਜੇ ਤੱਕ ਮਸਲਾ ਹੱਲ ਨਹੀਂ ਹੋਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਨੇ ਦੱਸਿਆ ਕਿ ਮੈਨੂੰ ਖਬਰਾਂ ਤੋਂ ਪਤਾ ਲੱਗਾ ਹੈ ਕਿ ਲਤੀਫਪੁਰ ਵਿਖੇ ਲੋਕਾਂ ਦੇ ਘਰ ਢਾਹ ਦਿੱਤੇ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਜਗ੍ਹਾ ਦੀ ਮਿਣਤੀ ਨਹੀਂ ਕੀਤੀ ਗਈ ਸੀ ਤਾਂ ਜੋ ਪਤਾ ਲੱਗ ਸਕੇ ਕਿ ਕਿੰਨੀ ਸਰਕਾਰੀ ਜਗ੍ਹਾ ਹੈ ਅਤੇ ਕਿੰਨੀ ਪ੍ਰਾਈਵੇਟ। ਇਸ 'ਤੇ ਮੈਂ ਪੰਜਾਬ ਸਰਕਾਰ ਦੇ ਸਕੱਤਰ ਨੂੰ ਨੋਟਿਸ ਭੇਜ ਕੇ ਰਿਪੋਰਟ ਮੰਗੀ ਹੈ, ਜੋ ਅਜੇ ਤੱਕ ਮੇਰੇ ਕੋਲ ਨਹੀਂ ਆਈ। ਅੱਜ ਲਤੀਫਪੁਰਾ ਦੇ ਲੋਕਾਂ ਦਾ ਪੱਖ ਸੁਣਿਆ, ਦੂਜੇ ਪਾਸਾ ਜਾਣੇ ਬਿਨ੍ਹਾਂ ਮੈਂ ਆਪਣਾ ਅੰਤਿਮ ਫੈਸਲਾ ਨਹੀਂ ਦੇ ਸਕਦਾ ਕਿਉਂਕਿ ਇਹ ਗਲਤ ਹੋਵੇਗਾ ਪਰ ਅੱਜ ਉਸ ਦੀ ਗੱਲ ਸੁਣਨ ਤੋਂ ਬਾਅਦ ਮੇਰੇ ਲਈ ਫੈਸਲਾ ਲੈਣਾ ਆਸਾਨ ਹੋ ਜਾਵੇਗਾ।