Maldives: ਮਾਲਦੀਵ ਦਾ ਦੌਰਾ ਕਰਨ ਵਾਲਿਆਂ ’ਚ ਭਾਰਤੀ ਸੱਭ ਤੋਂ ਉੱਪਰ
ਮਾਲਦੀਵ ਦੇ ਸੈਰ-ਸਪਾਟਾ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2023 ’ਚ 2.03 ਲੱਖ ਤੋਂ ਜ਼ਿਆਦਾ ਭਾਰਤੀਆਂ ਨੇ ਮਾਲਦੀਵ ਦਾ ਦੌਰਾ ਕੀਤਾ
Maldives: ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਕਸ਼ਦੀਪ ਯਾਤਰਾ ਤੋਂ ਬਾਅਦ ਮਾਲਦੀਵ ਦੇ ਮੰਤਰੀਆਂ ਵਲੋਂ ਅਪਮਾਨਜਨਕ ਟਿਪਣੀ ਆਂ ਨੂੰ ਲੈ ਕੇ ਭਾਰਤ ਅਤੇ ਮਾਲਦੀਵ ਵਿਚਾਲੇ ਕੂਟਨੀਤਕ ਵਿਵਾਦ ਦੇ ਵਿਚਕਾਰ ਅੰਕੜਿਆਂ ਤੋਂ ਪਤਾ ਲਗਿਆ ਹੈ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਹਰ ਸਾਲ 2 ਲੱਖ ਤੋਂ ਵੱਧ ਭਾਰਤੀ ਮਾਲਦੀਵ ਦਾ ਦੌਰਾ ਕਰ ਰਹੇ ਹਨ।
ਮਾਲਦੀਵ ਦੇ ਸੈਰ-ਸਪਾਟਾ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2023 ’ਚ 2.03 ਲੱਖ ਤੋਂ ਜ਼ਿਆਦਾ ਭਾਰਤੀਆਂ ਨੇ ਮਾਲਦੀਵ ਦਾ ਦੌਰਾ ਕੀਤਾ। ਸਾਲ 2022 ’ਚ ਇਹ ਗਿਣਤੀ 2.4 ਲੱਖ ਤੋਂ ਵੱਧ ਸੀ ਅਤੇ 2021 ’ਚ 2.11 ਲੱਖ ਤੋਂ ਵੱਧ ਭਾਰਤੀਆਂ ਨੇ ਮਾਲਦੀਵ ਦੀ ਯਾਤਰਾ ਕੀਤੀ। ਮਾਲਦੀਵ ਉਨ੍ਹਾਂ ਕੁੱਝ ਦੇਸ਼ਾਂ ਵਿਚੋਂ ਇਕ ਸੀ ਜੋ ਮਹਾਂਮਾਰੀ ਦੌਰਾਨ ਕੌਮਾਂਤਰੀ ਸੈਲਾਨੀਆਂ ਲਈ ਖੁੱਲ੍ਹੇ ਰਹੇ ਜਦੋਂ ਲਗਭਗ 63,000 ਭਾਰਤੀਆਂ ਨੇ ਸੈਰ-ਸਪਾਟੇ ਲਈ ਮਾਲਦੀਵ ਨੂੰ ਚੁਣਿਆ।
ਸਾਲ 2018 ’ਚ ਮਾਲਦੀਵ ’ਚ 90,474 ਸੈਲਾਨੀਆਂ ਦੇ ਨਾਲ ਭਾਰਤੀ ਪੰਜਵੇਂ ਸਥਾਨ ’ਤੇ ਸਨ। ਸਾਲ 2019 ’ਚ ਭਾਰਤ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਦੁੱਗਣੀ ਗਿਣਤੀ (166 030) ਨਾਲ ਇਸ ਮਾਮਲੇ ’ਚ ਦੂਜੇ ਸਥਾਨ ’ਤੇ ਪਹੁੰਚ ਗਿਆ ਸੀ। ਹਾਲਾਂਕਿ, ਸਰਕਾਰ ਦੇ ਤਿੰਨ ਮੰਤਰੀਆਂ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁਧ ਅਪਮਾਨਜਨਕ ਟਿਪਣੀਆਂ ਕਰਨ ਤੋਂ ਬਾਅਦ ਮਾਲਦੀਵ ਦੀ ਮੰਜ਼ਿਲ ਨੂੰ ਹੁਣ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਪੋਸਟਾਂ ਵੇਖੀਆਂ ਗਈਆਂ ਸਨ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਕੁੱਝ ਭਾਰਤੀ ਵਿਵਾਦ ਦੇ ਮੱਦੇਨਜ਼ਰ ਮਾਲਦੀਵ ਦੀਆਂ ਅਪਣੀਆਂ ਨਿਰਧਾਰਤ ਯਾਤਰਾਵਾਂ ਰੱਦ ਕਰ ਰਹੇ ਹਨ। ਹੈਸ਼ਟੈਗ ‘ਬਾਈਕਾਟ ਮਾਲਦੀਵ’ ਵੀ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰ ਰਿਹਾ ਸੀ।
ਭਾਰਤ-ਮਾਲਦੀਵ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਦੇ ਵਿਚਕਾਰ ਈਜ਼ੀ ਮਾਈ ਟ੍ਰਿਪ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੀ ਵੈੱਬਸਾਈਟ ਨੇ ਭਾਰਤ ਨਾਲ ਇਕਜੁੱਟਤਾ ਜ਼ਾਹਰ ਕਰਨ ਲਈ ਟਾਪੂ ਦੇਸ਼ ਲਈ ਸਾਰੀਆਂ ਉਡਾਣਾਂ ਦੀ ਬੁਕਿੰਗ ਮੁਅੱਤਲ ਕਰ ਦਿਤੀ ਹੈ। ਮਾਲਦੀਵ ਦੇ ਤਿੰਨ ਉਪ ਮੰਤਰੀਆਂ ਮਲਸ਼ਾ ਸ਼ਰੀਫ, ਮਰੀਅਮ ਸ਼ਿਉਨਾ ਅਤੇ ਅਬਦੁੱਲਾ ਮਹਿਜ਼ੂਮ ਮਜੀਦ ਨੇ ਲਕਸ਼ਦੀਪ ਦੀ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ‘ਐਕਸ’ ਨੂੰ ਲੈ ਕੇ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਨਵੀਂ ਦਿੱਲੀ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਮਾਲਦੀਵ ਦੇ ਬਦਲਵੇਂ ਸੈਰ-ਸਪਾਟਾ ਸਥਾਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਤੋਂ ਬਾਅਦ ਮਾਲਦੀਵ ਸਰਕਾਰ ਨੇ ਤਿੰਨਾਂ ਨੂੰ ਮੁਅੱਤਲ ਕਰ ਦਿਤਾ ਸੀ। ਇਸ ਵਿਵਾਦ ਦੇ ਵਿਚਕਾਰ ਅਮਿਤਾਭ ਬੱਚਨ, ਸਲਮਾਨ ਖਾਨ, ਅਕਸ਼ੈ ਕੁਮਾਰ ਅਤੇ ਸਚਿਨ ਤੇਂਦੁਲਕਰ ਵਰਗੀਆਂ ਮਸ਼ਹੂਰ ਹਸਤੀਆਂ ਨੇ ਐਤਵਾਰ ਨੂੰ ਲੋਕਾਂ ਨੂੰ ਭਾਰਤੀ ਟਾਪੂਆਂ ਅਤੇ ਤੱਟਵਰਤੀ ਸਥਾਨਾਂ ’ਤੇ ਛੁੱਟੀਆਂ ਮਨਾਉਣ ਦੀ ਅਪੀਲ ਕੀਤੀ।
ਮੋਦੀ ਵਿਰੁਧ ਬਿਆਨ ਮਾਲਦੀਵ ਸਰਕਾਰ ਦੇ ਰਵੱਈਏ ਨੂੰ ਨਹੀਂ ਦਰਸਾਉਂਦੇ: ਮਾਲੇ
ਮਾਲੇ - ਸਰਕਾਰ ਨੇ ਸੋਮਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਮੁਨੂ ਮੁਹਾਵਰ ਨੂੰ ਸੂਚਿਤ ਕੀਤਾ ਕਿ ਉਸ ਦੇ ਤਿੰਨ ਮੁਅੱਤਲ ਉਪ ਮੰਤਰੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਕੀਤੀ ਗਈ ਅਪਮਾਨਜਨਕ ਟਿਪਣੀ ਸਰਕਾਰ ਦੇ ਰੁਖ ਨੂੰ ਨਹੀਂ ਦਰਸਾਉਂਦੀ। ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਕਿਹਾ ਕਿ ਭਾਰਤੀ ਹਾਈ ਕਮਿਸ਼ਨਰ ਦੀ ਵਿਦੇਸ਼ ਮੰਤਰਾਲੇ ’ਚ ਰਾਜਦੂਤ ਡਾ. ਅਲੀ ਨਾਸਿਰ ਮੁਹੰਮਦ ਨਾਲ ਮੁਲਾਕਾਤ ਅੱਜ ਦੋ-ਪੱਖੀ ਮੁੱਦਿਆਂ ’ਤੇ ਚਰਚਾ ਕਰਨ ਲਈ ਹੋਣੀ ਸੀ।
‘ਦਿ ਸਨ ਆਨਲਾਈਨ’ ਦੀ ਖਬਰ ਮੁਤਾਬਕ ਬੈਠਕ ਦੌਰਾਨ ਨਾਸਿਰ ਨੇ ਸਪੱਸ਼ਟ ਕੀਤਾ ਕਿ ਡਿਪਟੀ ਮਾਲਦੀਵ ਸਰਕਾਰ ਦੇ ਰੁਖ ਨੂੰ ਨਹੀਂ ਦਰਸਾਉਂਦੇ। ਉਨ੍ਹਾਂ ਨੇ ਅਪਣੇ ਗੁਆਂਢੀਆਂ ਲਈ ਮਾਲਦੀਵ ਦੇ ਨਿਰੰਤਰ ਸਮਰਥਨ ਨੂੰ ਦੁਹਰਾਇਆ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਵਿਦੇਸ਼ੀ ਨੇਤਾਵਾਂ ਵਿਰੁਧ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਦਿਤੇ ਜਾ ਰਹੇ ‘ਬਦਨਾਮ ਕਰਨ ਵਾਲੇ ਬਿਆਨਾਂ’ ਤੋਂ ਜਾਣੂ ਹੈ ਅਤੇ ਇਹ ਨਿੱਜੀ ਵਿਚਾਰ ਉਸ ਦੇ ਰੁਖ ਨੂੰ ਨਹੀਂ ਦਰਸਾਉਂਦੇ।