India-Maldives: ਭਾਰਤ-ਮਾਲਦੀਵ ਡਿਪਲੋਮੈਟਿਕ ਵਿਵਾਦ ’ਚ ਮਾਲਦੀਵ ਦਾ ਰਾਜਦੂਤ ਤਲਬ
ਟਿਪਣੀਆਂ ’ਤੇ ਸਖਤ ਚਿੰਤਾ ਜ਼ਾਹਰ ਕੀਤੀ ਗਈ
India-Maldives: ਨਵੀਂ ਦਿੱਲੀ : ਭਾਰਤ ’ਚ ਮਾਲਦੀਵ ਦੇ ਰਾਜਦੂਤ ਨੂੰ ਸੋਮਵਾਰ ਨੂੰ ਵਿਦੇਸ਼ ਮੰਤਰਾਲੇ ’ਚ ਤਲਬ ਕੀਤਾ ਗਿਆ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਮਾਲਦੀਵ ਦੇ ਕਈ ਮੰਤਰੀਆਂ ਵਲੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਟਿਪਣੀਆਂ ’ਤੇ ਸਖਤ ਚਿੰਤਾ ਜ਼ਾਹਰ ਕੀਤੀ। ਸੂਤਰਾਂ ਨੇ ਇਹ ਜਾਣਕਾਰੀ ਦਿਤੀ।
ਮਾਲਦੀਵ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਸੋਸ਼ਲ ਮੀਡੀਆ ’ਤੇ ਅਪਮਾਨਜਨਕ ਪੋਸਟ ਕਰਨ ਲਈ ਐਤਵਾਰ ਨੂੰ ਤਿੰਨ ਉਪ ਮੰਤਰੀਆਂ ਨੂੰ ਮੁਅੱਤਲ ਕਰ ਦਿਤਾ ਸੀ। ਤਿੰਨਾਂ ਉਪ ਮੰਤਰੀਆਂ ਨੇ ਲਕਸ਼ਦੀਪ ਦੀ ਯਾਤਰਾ ਤੋਂ ਬਾਅਦ ‘ਐਕਸ’ ’ਤੇ ਪ੍ਰਧਾਨ ਮੰਤਰੀ ਦੀ ਪੋਸਟ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਮਾਲਦੀਵ ਦੇ ਬਦਲਵੇਂ ਸੈਰ-ਸਪਾਟਾ ਸਥਾਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ: Punjab News : ਪੰਜਾਬ 'ਚ ਵਿਦਿਆਰਥੀਆਂ ਤੋਂ ਬਾਅਦ ਹੁਣ ਅਧਿਆਪਕਾਂ ਨੂੰ ਵੀ ਛੁੱਟੀਆਂ, ਪੜ੍ਹਾਉਣਗੇ ਆਨਲਾਈਨ
ਮਾਲਦੀਵ ਦੀ ਮੀਡੀਆ ਰੀਪੋਰਟਾਂ ਮੁਤਾਬਕ ਯੂਥ ਮੰਤਰਾਲੇ ਦੇ ਉਪ ਮੰਤਰੀਆਂ ਮਲਸ਼ਾ ਸ਼ਰੀਫ, ਮਰੀਅਮ ਸ਼ਿਉਨਾ ਅਤੇ ਅਬਦੁੱਲਾ ਮਹਿਜ਼ੂਮ ਮਾਜਿਦ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਨਵੀਂ ਦਿੱਲੀ ’ਚ ਅਧਿਕਾਰਤ ਸੂਤਰਾਂ ਨੇ ਦਸਿਆ ਕਿ ਐਤਵਾਰ ਨੂੰ ਮਾਲੇ ’ਚ ਭਾਰਤੀ ਹਾਈ ਕਮਿਸ਼ਨ ਨੇ ਮਾਲਦੀਵ ਦੇ ਵਿਦੇਸ਼ ਮੰਤਰਾਲੇ ਕੋਲ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ।
ਇਸ ਵਿਵਾਦ ਵਿਚਕਾਰ ਮਾਲੇ ’ਚ ਭਾਰਤੀ ਹਾਈ ਕਮਿਸ਼ਨਰ ਮੁਨੂ ਮੁਹਾਵਰ ਨੇ ਸੋਮਵਾਰ ਨੂੰ ਮਾਲਦੀਵ ਦੇ ਇਕ ਸੀਨੀਅਰ ਡਿਪਲੋਮੈਟ ਨਾਲ ਬੈਠਕ ਕੀਤੀ। ਮਾਲਦੀਵ ਦੇ ਵਿਦੇਸ਼ ਮੰਤਰਾਲੇ ’ਚ ਰਾਜਦੂਤ (ਵਿਸ਼ੇਸ਼ ਮਾਮਲੇ) ਡਾਕਟਰ ਅਲੀ ਨਾਸਿਰ ਮੁਹੰਮਦ ਨਾਲ ਦੋ-ਪੱਖੀ ਮੁੱਦਿਆਂ ’ਤੇ ਚਰਚਾ ਕਰਨ ਲਈ ਹਾਈ ਕਮਿਸ਼ਨਰ ਮੁਨੂ ਮੁਹਾਵਰ ਨੇ ਪਹਿਲਾਂ ਤੋਂ ਤੈਅ ਬੈਠਕ ਕੀਤੀ। ਮਾਲਦੀਵ ਦੇ ਮੰਤਰੀਆਂ ਦੀਆਂ ਅਪਮਾਨਜਨਕ ਟਿਪਣੀਆਂ ਦੀ ਭਾਰਤ ’ਚ ਆਲੋਚਨਾ ਹੋਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
‘ਐਕਸ’ ’ਤੇ ਕਈ ਮਸ਼ਹੂਰ ਹਸਤੀਆਂ ਨੇ ਲੋਕਾਂ ਨੂੰ ਮਾਲਦੀਵ ਜਾਣ ਦੀ ਬਜਾਏ ਘਰੇਲੂ ਸੈਰ-ਸਪਾਟਾ ਸਥਾਨਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ’ਤੇ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਕੁੱਝ ਭਾਰਤੀ ਵਿਵਾਦ ਦੇ ਮੱਦੇਨਜ਼ਰ ਮਾਲਦੀਵ ਦੀ ਅਪਣੀ ਨਿਰਧਾਰਤ ਯਾਤਰਾ ਰੱਦ ਕਰ ਰਹੇ ਹਨ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਵਿਦੇਸ਼ੀ ਨੇਤਾਵਾਂ ਵਿਰੁਧ ਸੋਸ਼ਲ ਮੀਡੀਆ ਮੰਚਾਂ ’ਤੇ ਅਪਮਾਨਜਨਕ ਟਿਪਣੀਆਂ ਤੋਂ ਜਾਣੂ ਹੈ ਅਤੇ ਇਨ੍ਹਾਂ ਨੇਤਾਵਾਂ ਦੇ ਨਿੱਜੀ ਵਿਚਾਰ ਦੇਸ਼ ਦੀ ਸਥਿਤੀ ਦੀ ਨੁਮਾਇੰਦਗੀ ਨਹੀਂ ਕਰਦੇ।
ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਮਾਲਦੀਵ ਸਰਕਾਰ ਵਿਦੇਸ਼ੀ ਨੇਤਾਵਾਂ ਅਤੇ ਉੱਚ ਅਧਿਕਾਰੀਆਂ ਵਿਰੁਧ ਸੋਸ਼ਲ ਮੀਡੀਆ ਮੰਚਾਂ ’ਤੇ ਅਪਮਾਨਜਨਕ ਟਿਪਣੀਆਂ ਤੋਂ ਜਾਣੂ ਹੈ। ਨੇਤਾਵਾਂ ਦੇ ਵਿਚਾਰ ਨਿੱਜੀ ਹਨ ਅਤੇ ਮਾਲਦੀਵ ਸਰਕਾਰ ਉਨ੍ਹਾਂ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੀ।