Israel-Hezbollah: ਇਜ਼ਰਾਈਲ ਨੇ ਹਿਜ਼ਬੁੱਲਾ ਨਾਲ ‘ਇਕ ਹੋਰ ਜੰਗ’ ਦੀ ਚਿਤਾਵਨੀ ਦਿਤੀ
ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਸਰਹੱਦ ਪਾਰ ਲੜਾਈ ਨੇ ਖੇਤਰੀ ਸੰਘਰਸ਼ ਨੂੰ ਰੋਕਣ ਦੀ ਅਮਰੀਕੀ ਕੋਸ਼ਿਸ਼ ਨੂੰ ਗੁੰਝਲਦਾਰ ਬਣਾ ਦਿਤਾ ਹੈ।
ਯੇਰੂਸ਼ਲਮ : ਇਜ਼ਰਾਇਲੀ ਫੌਜ ਨੇ ਐਤਵਾਰ ਨੂੰ ਕਿਹਾ ਕਿ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ’ਚ ਇਕ ਹਵਾਈ ਆਵਾਜਾਈ ਕੰਟਰੋਲ ਬੇਸ ’ਤੇ ਹਮਲਾ ਕੀਤਾ ਹੈ ਅਤੇ ਈਰਾਨ ਸਮਰਥਿਤ ਕੱਟੜਪੰਥੀ ਸਮੂਹ ਨਾਲ ਇਕ ਹੋਰ ਜੰਗ ਸ਼ੁਰੂ ਹੋਣ ਦੀ ਚਿਤਾਵਨੀ ਦਿਤੀ । ਲੇਬਨਾਨ ਨਾਲ ਲਗਦੀ ਸਰਹੱਦ ’ਤੇ ਲੜਾਈ ਅਜਿਹੇ ਸਮੇਂ ਵਧ ਗਈ ਹੈ ਜਦੋਂ ਇਜ਼ਰਾਈਲ ਗਾਜ਼ਾ ਵਿਚ ਹਮਾਸ ਦੇ ਅਤਿਵਾਦੀਆਂ ਨਾਲ ਲੜ ਰਿਹਾ ਹੈ। ਇਸ ਸਥਿਤੀ ਨੇ ਅਮਰੀਕਾ ਨੂੰ ਤੁਰਤ ਕੂਟਨੀਤਕ ਕਾਰਵਾਈ ਦੀ ਜ਼ਰੂਰਤ ਵਧਾ ਦਿਤੀ ਹੈ ਅਤੇ ਉਹ ਵੀ ਅਜਿਹੇ ਸਮੇਂ ਜਦੋਂ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਪਛਮੀ ਏਸ਼ੀਆ ਦੀ ਅਪਣੀ ਯਾਤਰਾ ’ਤੇ ਇਜ਼ਰਾਈਲ ਜਾਣ ਦੀ ਤਿਆਰੀ ਕਰ ਰਹੇ ਹਨ।
ਬਲਿੰਕਨ ਨੇ ਕਤਰ ਵਿਚ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਕ ਅਜਿਹਾ ਸੰਘਰਸ਼ ਹੈ ਜੋ ਆਸਾਨੀ ਨਾਲ ਵਧ ਸਕਦਾ ਹੈ, ਜਿਸ ਨਾਲ ਹੋਰ ਅਸੁਰੱਖਿਆ ਅਤੇ ਪ੍ਰੇਸ਼ਾਨੀ ਹੋ ਸਕਦੀ ਹੈ। ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਸਰਹੱਦ ਪਾਰ ਲੜਾਈ ਨੇ ਖੇਤਰੀ ਸੰਘਰਸ਼ ਨੂੰ ਰੋਕਣ ਦੀ ਅਮਰੀਕੀ ਕੋਸ਼ਿਸ਼ ਨੂੰ ਗੁੰਝਲਦਾਰ ਬਣਾ ਦਿਤਾ ਹੈ।
ਇਜ਼ਰਾਈਲੀ ਫੌਜ ਨੇ ਕਿਹਾ ਕਿ ਹਿਜ਼ਬੁੱਲਾ ਨੇ ਸਨਿਚਰਵਾਰ ਨੂੰ ਮਾਊਂਟ ਮੇਰੋਨ ’ਤੇ ਇਕ ਸੰਵੇਦਨਸ਼ੀਲ ਹਵਾਈ ਆਵਾਜਾਈ ਕੰਟਰੋਲ ਬੇਸ ’ਤੇ ਹਮਲਾ ਕੀਤਾ ਪਰ ਹਵਾਈ ਰਖਿਆ ਪ੍ਰਣਾਲੀ ’ਤੇ ਕੋਈ ਅਸਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਕੋਈ ਵੀ ਫ਼ੌਜੀ ਜ਼ਖਮੀ ਨਹੀਂ ਹੋਇਆ ਹੈ ਅਤੇ ਸਾਰੀਆਂ ਨੁਕਸਾਨੀਆਂ ਚੀਜ਼ਾਂ ਦੀ ਮੁਰੰਮਤ ਕੀਤੀ ਜਾਵੇਗੀ।
ਗਾਜ਼ਾ ਵਿਚ ਇਜ਼ਰਾਈਲ ਦੀ ਜੰਗ ਦੌਰਾਨ ਹਿਜ਼ਬੁੱਲਾ ਦੇ ਇਹ ਸੱਭ ਤੋਂ ਗੰਭੀਰ ਹਮਲਿਆਂ ਵਿਚੋਂ ਇਕ ਹੈ। ਹਿਜ਼ਬੁੱਲਾ ਨੇ ਅਪਣੇ ਰਾਕੇਟ ਹਮਲੇ ਨੂੰ ਪਿਛਲੇ ਹਫਤੇ ਅਪਣੇ ਗੜ੍ਹ ’ਚੋਂ ਇਕ ਬੈਰੂਤ ਵਿਚ ਹਮਾਸ ਦੇ ਇਕ ਚੋਟੀ ਦੇ ਨੇਤਾ ਦੀ ਨਿਸ਼ਾਨਾ ਬਣਾ ਕੇ ਕੀਤੇ ਕਤਲ ਦਾ ਸ਼ੁਰੂਆਤੀ ਜਵਾਬ ਦਸਿਆ। ਮੰਨਿਆ ਜਾਂਦਾ ਹੈ ਕਿ ਹਮਾਸ ਨੇਤਾ ਦਾ ਕਤਲ ਇਜ਼ਰਾਈਲ ਨੇ ਕੀਤਾ ਸੀ।
ਇਜ਼ਰਾਈਲੀ ਫੌਜ ਦੇ ਚੀਫ ਆਫ ਸਟਾਫ ਲੈਫਟੀਨੈਂਟ ਕਰਨਲ ਹਰਜ਼ੇਈ ਹਲੇਵੀ ਨੇ ਕਿਹਾ ਕਿ ਹਮਾਸ ਦੇ ਸਹਿਯੋਗੀ ਹਿਜ਼ਬੁੱਲਾ ’ਤੇ ਫੌਜੀ ਦਬਾਅ ਵਧ ਰਿਹਾ ਹੈ ਅਤੇ ਇਹ ਜਾਂ ਤਾਂ ਪ੍ਰਭਾਵਸ਼ਾਲੀ ਹੋਵੇਗਾ ਜਾਂ ਫਿਰ ਅਸੀਂ ਇਕ ਹੋਰ ਜੰਗ ਵਲ ਵਧਾਂਗੇ। ਕਤਰ ਸਰਕਾਰ ਨੇ ਬਲਿੰਕਨ ਨਾਲ ਸਾਂਝੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਲੇਬਨਾਨ ’ਚ ਹਮਾਸ ਦੇ ਸੀਨੀਅਰ ਨੇਤਾ ਦੀ ਹੱਤਿਆ ਗਾਜ਼ਾ ’ਚ ਹਮਾਸ ਤੋਂ ਹੋਰ ਬੰਧਕਾਂ ਦੀ ਸੰਭਾਵਤ ਰਿਹਾਈ ’ਤੇ ਗੁੰਝਲਦਾਰ ਗੱਲਬਾਤ ਨੂੰ ਪ੍ਰਭਾਵਤ ਕਰ ਸਕਦੀ ਹੈ।