ਇਕ ਹੀ ਦਿਨ ਈ.ਡੀ. ਦੇ ਦਫ਼ਤਰ ਪੁੱਜੀਆਂ ਦੋ ਨਾਮਚੀਨ ਸ਼ਖ਼ਸੀਅਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਆਸਤ ਨਾਲ ਜੁੜੀਆਂ ਦੋ ਨਾਮਚੀਨ ਸ਼ਖ਼ਸੀਅਤਾਂ ਦੇ ਇਨਫ਼ੋਰਸਮੈਂਟ ਡਾਇਰੈਕਟੋਰੇਟ 'ਚ ਪੇਸ਼ ਹੋਣ ਨਾਲ ਵੀਰਵਾਰ ਨੂੰ ਇਥੇ ਗਹਿਮਾ-ਗਹਿਮੀ ਬਣੀ ਰਹੀ.....

Robert Vadra

ਨਵੀਂ ਦਿੱਲੀ : ਸਿਆਸਤ ਨਾਲ ਜੁੜੀਆਂ ਦੋ ਨਾਮਚੀਨ ਸ਼ਖ਼ਸੀਅਤਾਂ ਦੇ ਇਨਫ਼ੋਰਸਮੈਂਟ ਡਾਇਰੈਕਟੋਰੇਟ 'ਚ ਪੇਸ਼ ਹੋਣ ਨਾਲ ਵੀਰਵਾਰ ਨੂੰ ਇਥੇ ਗਹਿਮਾ-ਗਹਿਮੀ ਬਣੀ ਰਹੀ। ਰਾਬਰਟ ਵਾਡਰਾ ਅਤੇ ਕਾਰਤੀ ਚਿਦੰਬਰਮ ਈ.ਡੀ. ਦੇ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਗਈ। ਇਨ੍ਹਾਂ ਦੋਹਾਂ ਤੋਂ ਇਹ ਪੁੱਛ-ਪੜਤਾਲ ਉਨ੍ਹਾਂ ਵਿਰੁਧ ਕਾਲੇ ਧਨ ਨੂੰ ਚਿੱਟਾ ਕਰਨ ਦੇ ਦੋ ਵੱਖ-ਵੱਖ ਮਾਮਲਿਆਂ 'ਚ ਹੋ ਰਹੀ ਜਾਂਚ ਦੇ ਸਿਲਸਿਲੇ 'ਚ ਹੋਈ। 

ਈ.ਡੀ. ਦੇ ਮੱਧ ਦਿੱਲੀ 'ਚ ਸਥਿਤ ਜਾਮਨਗਰ ਹਾਊਸ ਦਫ਼ਤਰ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਸੱਭ ਤੋਂ ਪਹਿਲਾਂ ਸਵੇਰੇ ਲਗਭਗ 11 ਵਜੇ ਪੁੱਜੇ। ਇਸ ਦਫ਼ਤਰ 'ਚ ਕੇਂਦਰੀ ਜਾਂਚ ਏਜੰਸੀ ਦੀਆਂ ਕੁੱਝ ਵਿਸ਼ੇਸ਼ ਜਾਂਚ ਅਤੇ ਚੌਕਸੀ ਇਕਾਈਆਂ ਹਨ। ਦਫ਼ਤਰ ਦੇ ਆਲੇ-ਦੁਆਲੇ ਦਿੱਲੀ ਪੁਲਿਸ ਅਤੇ ਭਾਰਤ-ਤਿੱਬਤ ਸੀਮਾ ਪੁਲਿਸ ਦੇ ਮੁਲਾਜ਼ਮਾਂ ਦੀਆਂ ਟੁਕੜੀਆਂ ਤੈਨਾਤ ਕੀਤੀਆਂ ਗਈਆਂ ਅਤੇ ਦਫ਼ਤਰ ਬਾਹਰ ਉਡੀਕ ਕਰ ਰਹੇ ਮੀਡੀਆ ਮੁਲਾਜ਼ਮਾ ਨੂੰ ਕਾਬੂ ਕਰਨ ਲਈ ਬੈਰੀਕੇਡ ਲਾਏ ਗਏ ਸਨ। 

ਕਾਰਤੀ ਦੇ ਪੁੱਜਣ ਤੋਂ 25 ਕੁ ਮਿੰਟਾਂ ਬਾਅਦ ਵਾਡਰਾ ਵੀ ਇਸੇ ਦਫ਼ਤਰ 'ਚ ਪੁੱਜੇ। ਇਕ ਵਕੀਲ ਨਾਲ ਐਸ.ਯੂ.ਵੀ. 'ਚ ਈ.ਡੀ. ਦੇ ਦਫ਼ਤਰ 'ਚ ਪੁੱਜੇ ਵਾਡਰਾ ਲਗਾਤਾਰ ਦੂਜੇ ਦਿਨ ਏਜੰਸੀ ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਕਿਹਾ ਕਿ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ 'ਚ ਪੀ. ਚਿਦੰਬਰਮ ਨੂੰ ਵੀ ਸ਼ੁਕਰਵਾਰ ਨੂੰ ਇਸੇ ਦਫ਼ਤਰ 'ਚ ਸਵਾਲ-ਜਵਾਬ ਕੀਤੇ ਜਾ ਸਕਦੇ ਹਨ। (ਪੀਟੀਆਈ)