ਸਵਾ ਸੌ ਕਰੋੜ ਦਾ ਦੇਸ਼ ਹੀ ਮੇਰਾ ਪਰਿਵਾਰ : ਮੋਦੀ
ਵਾਰਾਣਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਸਰਕਾਰ ਦੀਆਂ ਵੱਖ ਵੱਖ ਵਿਕਾਸ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸੱਭ ਇਸ ਕਾਰਨ ਸੰਭਵ ਹੋਇਆ ਕਿਉਂਕਿ...
ਵਾਰਾਣਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਸਰਕਾਰ ਦੀਆਂ ਵੱਖ ਵੱਖ ਵਿਕਾਸ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸੱਭ ਇਸ ਕਾਰਨ ਸੰਭਵ ਹੋਇਆ ਕਿਉਂਕਿ ਵਿਚੋਲਿਆਂ ਅਤੇ ਭ੍ਰਿਸ਼ਟਾਚਾਰੀਆਂ ਦਾ ਖ਼ਾਤਮਾ ਹੋ ਚੁੱਕਾ ਹੈ ਅਤੇ ਦੇਸ਼ ਦਾ ਇਕ ਇਕ ਰੁਪਇਆ ਲੋਕਾਂ 'ਤੇ ਖ਼ਰਚ ਹੋ ਰਿਹਾ ਹੈ।
ਮੋਦੀ ਨੇ ਅਪਣੇ ਸੰਸਦੀ ਹਲਕੇ ਵਾਰਾਣਸੀ ਵਿਚ ਕੌਮੀ ਮਹਿਲਾ ਆਜੀਵਕਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਹਿਲਾ ਸਸ਼ਕਤੀਕਰਨ ਲਈ ਹਰ ਤਰ੍ਹਾਂ ਨਾਲ ਸੰਵੇਦਨਸ਼ੀਲ ਹੈ। ਉਨ੍ਹਾਂ ਬੇਟੀ ਬਚਾਉ, ਬੇਟੀ ਪੜ੍ਹਾਉ ਯੋਜਨਾ, ਸਵੈ-ਸਹਾਇਤਾ ਸਮੂਹਾਂ ਨੂੰ ਮਿਲਣ ਵਾਲੇ ਕਰਜ਼ੇ ਵਿਚ ਵਾਧੇ, ਉਜਵਲਾ ਯੋਜਨਾ, ਦੀਨਦਯਾਲ ਯੋਜਨਾ ਸਮੇਤ ਕਈ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ, 'ਮੋਦੀ ਨੇ ਅਪਣੇ ਲਈ ਕੁੱਝ ਨਹੀਂ ਲੈ ਕੇ ਜਾਣਾ। ਲੈ ਜਾਏਗਾ ਤਾਂ ਕਰੇਗਾ ਕੀ? ਇਹ ਸਵਾ ਸੌ ਕਰੋੜ ਦਾ ਦੇਸ਼ ਹੀ ਮੇਰਾ ਪਰਵਾਰ ਹੈ। ਮੇਰੇ 'ਤੇ ਵਿਸ਼ਵਾਸ ਕਾਇਮ ਰੱਖੋ।'
ਉਨ੍ਹਾਂ ਕਿਹਾ ਕਿ ਔਰਤਾਂ ਨਵੇਂ ਭਾਰਤ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਹ ਸੁਖਦ ਗੱਲ ਹੈ ਕਿ ਮਹਿਲਾ ਸਸ਼ਕਤੀਕਰਨ ਪੇਂਡੂ ਅਰਥਚਾਰੇ ਵਿਚ ਔਰਤਾਂ ਦੀ ਭਾਈਵਾਲੀ ਨੂੰ ਯਕੀਨੀ ਕਰ ਰਿਹਾ ਹੈ। ਉਨ੍ਹਾਂ ਕਿਹਾ, 'ਅਸੀਂ ਅਜਿਹਾ ਕਾਨੂੰਨ ਬਣਾਇਆ ਹੈ ਕਿ ਵਿਆਹ ਮਗਰੋਂ ਪਤਨੀ ਨੂੰ ਵਿਦੇਸ਼ ਲਿਜਾ ਕੇ ਧੋਖਾ ਦੇਣ ਵਾਲੇ ਬਚ ਨਹੀਂ ਸਕਣਗੇ। ਜਣੇਪਾ ਛੁੱਟੀ ਨੂੰ 12 ਹਫ਼ਤੇ ਤੋਂ ਵਧਾ ਕੇ 26 ਹਫ਼ਤੇ ਕੀਤਾ ਗਿਆ ਹੈ। ਦੁਨੀਆਂ ਦੇ ਵੱਡੇ ਵੱਡੇ ਦੇਸ਼ਾਂ ਵਿਚ ਵੀ ਅਜਿਹਾ ਕਾਨੂੰਨ ਨਹੀਂਂ ਹੈ।' ਮੋਦੀ ਨੇ ਕਿਹਾ ਕਿ ਤਾਜ਼ਾ ਫ਼ੈਸਲੇ ਮੁਤਾਬਕ ਭਾਰਤੀ ਹਥਿਆਰਬੰਦ ਸੇਵਾਵਾਂ ਦੇ ਕੁੱਝ ਖੇਤਰਾਂ ਵਿਚ ਔਰਤਾਂ ਨੂੰ ਸਥਾਈ ਕਮਿਸ਼ਨ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀਆਂ ਬੇਟੀਆਂ ਫ਼ਾਈਟਰ ਜੈਟ ਉਡਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਾਸ਼ੀ ਵਿਸ਼ਵਨਾਥ ਲਈ ਨਿਰਮਾਣ ਕਾਰਜ ਸ਼ੁਰੂ ਕਰਵਾਏ। (ਏਜੰਸੀ)