ਯੈੱਸ ਬੈਂਕ ਦੇ ਸਾਬਕਾ CEO ਰਾਣਾ ਕਪੂਰ ਗ੍ਰਿਫ਼ਤਾਰ, ਕਈ ਘੰਟੇ ਪੁੱਛਗਿੱਛ ਵੀ ਹੋਈ
ਯੈੱਸ ਬੈਂਕ ਦੇ ਬਾਨੀ ਤੇ ਸਾਬਕਾ ਸੀਈਓ ਰਾਣਾ ਕਪੂਰ ਉੱਤੇ ਈਡੀ ਨੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਕਪੂਰ ਨੂੰ ED...
ਨਵੀਂ ਦਿੱਲੀ- ਯੈੱਸ ਬੈਂਕ ਦੇ ਬਾਨੀ ਤੇ ਸਾਬਕਾ ਸੀਈਓ ਰਾਣਾ ਕਪੂਰ ਉੱਤੇ ਈਡੀ ਨੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਕਪੂਰ ਨੂੰ ED ਨੇ ਸਵੇਰੇ 3:00 ਵਜੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਕੱਲ੍ਹ ਸਨਿੱਚਰਵਾਰ ਨੂੰ ਪੁੱਛਗਿੱਛ ਲਈ ਡਾਇਰੈਕਟੋਰੇਟ ਦਫ਼ਤਰ ਲਿਆਂਦਾ ਗਿਆ ਸੀ।
ਇਨਫ਼ੋਰਸਮੈਂਟ ਡਾਇਰੈਕਟਰ ਨੈ ਸ਼ੁੱਕਰਵਾਰ ਰਾਤੀਂ ਮੁੰਬਈ ਦੇ ਵਰਲੀ ਸਥਿਤ ਰਾਣਾ ਕਪੂਰ ਦੀ ਰਿਹਾਇਸ਼ ਦੀ ਤਲਾਸ਼ੀ ਲਈ ਸੀ।
ਉਨ੍ਹਾਂ ਦੀ ਪਤਨੀ ਬਿੰਦੂ ਤੋਂ ਵੀ ਕਈ ਘੰਟਿਆਂ ਤੱਕ ਸਵਾਲ–ਜਵਾਬ ਕੀਤੇ ਗਏ। ਤਿੰਨ ਧੀਆਂ ਸਣੇ ਕਈ ਹੋਰ ਕਾਰੋਬਾਰੀਆਂ ਦੇ ਘਰਾਂ ’ਚ ਵੀ ਛਾਪੇਮਾਰੀ ਤੋਂ ਬਾਅਦ ਪੁੱਛਗਿੱਛ ਕੀਤੀ ਗਈ। ਖ਼ਬਰਾਂ ਮੁਤਾਬਕ ED ਨੂੰ ਪਤਾ ਲੱਗਾ ਹੈ ਕਿ ਯੈੱਸ ਬੈਂਕ ਤੋਂ ਵੱਡਾ ਕਰਜ਼ਾ ਲੈ ਕੇ DHFL ਨੇ ਸ੍ਰੀ ਰਾਣਾ ਦੀ ਹੀ ਇੱਕ ਕੰਪਨੀ ਨੂੰ 600 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ।
ED ਇਸ ਵੇਲੇ ਸ੍ਰੀ ਰਾਣਾ ਕਪੂਰ ਦੇ ਪਰਿਵਾਰ ਨਾਲ ਸਬੰਧ ਰੱਖਣ ਵਾਲੀਆਂ ਕੁਝ ਹੋਰ ਕੰਪਨੀਆਂ ਵਿਚਾਲੇ ਹੋਏ ਹਜ਼ਾਰਾਂ ਕਰੋੜ ਰੁਪਏ ਦੇ ਲੈਣ–ਦੇਣ ਦੀ ਵੀ ਜਾਂਚ ਕਰ ਰਿਹਾ ਹੈ। ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਮਾਮਲੇ ’ਚ ਰਾਣਾ ਕਪੂਰ ਨੂੰ ਸ਼ਨਿੱਚਰਵਾਰ ਦੁਪਹਿਰ ਸਮੇਂ ਬਾਲਾਰਡ ਐਸਟੇਟ ਸਥਿਤ ਏਜੰਸੀ ਦਫ਼ਤਰ ’ਚ ਲਿਆਂਦਾ ਗਿਆ ਸੀ।
ਉਨ੍ਹਾਂ ਤੋਂ ਯੈੱਸ ਬੈਂਕ ਵੱਲੋਂ ਵੱਡੀਆਂ ਕੰਪਨੀਆਂ ਨੂੰ ਦਿੱਤੇ ਗਏ ਕਰਜ਼ੇ ਬਾਰੇ ਪੁੱਛਗਿੱਛ ਹੋਈ। ਯੈੱਸ ਬੈਂਕ ਨੇ ਵੋਡਾਫ਼ੋਨ, ਡੀਐੱਚਐੱਫ਼ਐੱਲ, ਐੱਸਐੱਲ ਅਤੇ ਅਨਿਲ ਅੰਬਾਨੀ ਦੀਆਂ ਸੰਕਟਗ੍ਰਸਤ ਕੰਪਨੀਆਂ ਨੂੰ ਕਰਜ਼ੇ ਦਿੱਤੇ। ਈਡੀ ਦੇ ਅਧਿਕਾਰੀਆਂ ਮੁਤਾਬਕ ਸ੍ਰੀ ਕਪੂਰ ਵਿਰੁੱਧ ਮਾਮਲਾ ਘੁਟਾਲੇ ਤੋਂ ਪ੍ਰਭਾਵਿਤ DHFL ਨਾਲ ਜੁੜਿਆ ਹੋਇਆ ਹੈ ਕਿਉਂਕਿ ਬੈਂਕ ਵੱਲੋਂ ਕੰਪਨੀ ਨੂੰ ਦਿੱਤਾ ਗਿਆ ਕਰਜ਼ਾ ਐੱਨਪੀਏ ਐਲਾਨ ਦਿੱਤਾ ਗਿਆ ਹੈ।
ਕਪੂਰ ਵਿਰੁੱਧ ਮਨੀ–ਲਾਂਡਰਿੰਗ ਭਾਵ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਨਾਲ ਸਬੰਧਤ ਕਾਨੂੰਨ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਕੁਝ ਕਾਰਪੋਰੇਟ ਸੰਸਥਾਵਾਂ ਨੂੰ ਦਿੱਤੇ ਗਏ ਕਰਜ਼ੇ ਤੇ ਕਥਿਤ ਤੌਰ ’ਤੇ ਰਿਸ਼ਵਤ ਵਜੋਂ ਕੁਝ ਰਕਮ ਸ੍ਰੀ ਕਪੂਰ ਦੀ ਪਤਨੀ ਦੇ ਖਾਤਿਆਂ ’ਚ ਜਮ੍ਹਾ ਕੀਤੇ ਜਾਣ ਦੇ ਸਬੰਧ ਵਿੱਚ ਸ੍ਰੀ ਰਾਣਾ ਦੀ ਭੂਮਿਕਾ ਦੀ ਜਾਂਚ ਵੀ ਕਰ ਰਹੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਹੋਰ ਕਥਿਤ ਬੇਨਿਯਮੀਆਂ ਵੀ ਜਾਂਚ ਦੇ ਘੇਰੇ ’ਚ ਹਨ। ਇਸ ਵਿੱਚੋਂ ਇੱਕ ਮਾਮਲਾ ਉੱਤਰ ਪ੍ਰਦੇਸ਼ ਬਿਜਲੀ ਨਿਗਮ ਨਾਲ ਕਥਿਤ ਪੀਐੱਫ਼ ਧੋਖਾਧੜੀ ਨਾਲ ਵੀ ਸਬੰਧਤ ਹੈ। ਸੀਬੀਆਈ ਨੇ ਪਿੱਛੇ ਜਿਹੇ ਉੱਤਰ ਪ੍ਰਦੇਸ਼ ’ਚ 2,267 ਕਰੋੜ ਰੁਪਏ ਦੇ ਮੁਲਾਜ਼ਮਾਂ ਦੇ ਪ੍ਰਾਵੀਡੈ਼ਟ ਫ਼ੰਡ ਘੁਟਾਲੇ ਦੀ ਜਾਂਚ ਸ਼ੁਰੂ ਕੀਤੀ ਹੈ, ਜਿੱਥੇ ਬਿਜਲੀ ਖੇਤਰ ਦੇ ਕਰਮਚਾਰੀਆਂ ਦੀ ਮਿਹਨਤ ਦੀ ਕਮਾਈ ਨੂੰ DHFL ਵਿੱਚ ਨਿਵੇਸ਼ ਕੀਤਾ ਗਿਆ।