ਕਿਸਾਨ ਅੰਦੋਲਨ ਕਦੋਂ ਖ਼ਤਮ ਹੋਵੇਗਾ, ਇਹ ਯੂਨੀਅਨਾਂ ’ਤੇ ਨਿਰਭਰ ਕਰਦੈ: ਨਰਿੰਦਰ ਤੋਮਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਦੇ ਆਰਥਕ ਹਾਲਾਤਾਂ ਵਿਚ ਵੱਡੇ ਪੱਧਰ ’ਤੇ ਸੁਧਾਰ ਹੋਵੇਗਾ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Narendra Tomar

ਨਵੀਂ ਦਿੱਲੀ: ਮੋਦੀ ਸਰਕਾਰ ਵਲੋਂ ਹਾਲ ਹੀ ਵਿਚ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਬੀਤੇ 102 ਦਿਨਾਂ ਤੋਂ ਦਿੱਲੀ ਦੀ ਹੱਦਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਖ਼ਤਮ ਹੋਣ ਬਾਬਤ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਅੰਦੋਲਨ ਕਦੋਂ ਖ਼ਤਮ ਹੋਵੇਗਾ, ਇਹ ਅੰਦੋਲਨ ਕਰ ਰਹੀਆਂ ਯੂਨੀਅਨਾਂ ਉਤੇ ਨਿਰਭਰ ਕਰਦਾ ਹੈ ਕਿਉਂਕਿ ਸਰਕਾਰ ਨੇ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਈ ਸੁਝਾਅ ਦਿਤੇ ਹੋਏ ਹਨ। ਖੇਤੀਬਾੜੀ ਮੰਤਰੀ ਤੋਮਰ ਨੇ ਇਸ ਗੱਲ ਦਾ ਪ੍ਰਗਟਾਵਾ ‘ਰੋਜ਼ਾਨਾ ਸਪੋਕਸਮੈਨ’ ਨਾਲ ਗੱਲਬਾਤ ਦੌਰਾਨ ਕੀਤਾ। ਉਹ ਨਵੀਂ ਦਿੱਲੀ ਵਿਖੇ ਆਈ.ਸੀ.ਏ.ਆਰ ਦੇ ਆਡੀਟੋਰੀਅਮ ਵਿਚ ਆਯੋਜਿਤ 2 ਦਿਨਾਂ ਚੱਲਣ ਵਾਲੇ ‘ਐਗਰੀਵਿਜ਼ਨ’ ਦੇ 5ਵੇਂ ਸਾਲਾਨਾ ਇਜਲਾਸ ਮੌਕੇ ਉਚੇਚੇ ਤੌਰ ਉਤੇ ਪਹੁੰਚੇ ਹੋਏ ਸਨ ਜਿੱਥੇ ਉਨਾਂ ‘ਰੋਜ਼ਾਨਾ ਸਪੋਕਸਮੈਨ’ ਨਾਲ ਗੱਲਬਾਤ ਮੌਕੇ ਇਹ ਵਿਚਾਰ ਪੇਸ਼ ਕੀਤੇ।

ਤੋਮਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਖੇਤੀ ਦੇ ਸੈਕਟਰ ਵਿਚ ਸੁਧਾਰਾਂ ਲੋੜੀਂਦੀਆਂ ਸਨ ਜੋ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਹੋਣੀਆਂ ਸੰਭਵ ਹੋਈਆਂ ਹਨ ਅਤੇ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਕਿਸਾਨਾਂ ਦੀ ਆਮਦਨੀ ਵੱਧ ਹੋਵੇ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਹ ਕਾਨੂੰਨ ਲਿਆਂਦੇ ਗਏ ਹਨ ਜਿਨ੍ਹਾਂ ਦਾ ਫ਼ਾਇਦਾ ਛੋਟੇ ਕਿਸਾਨਾਂ ਨੂੰ ਵੱਡੇ ਪੱਧਰ ਉਤੇ ਮਿਲੇਗਾ। ‘ਐਗਰੀਵਿਜ਼ਨ’ ਦੇ ਇਜਲਾਸ ਨੂੰ ਸੰਬੋਧਤ ਕਰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਤਾਂ ਅਜੇ ਤਕ ਸਹੀ ਢੰਗ ਨਾਲ ਐਮ.ਐਸ.ਪੀ ਦਾ ਵੀ ਲਾਭ ਨਹੀਂ ਸੀ ਮਿਲ ਰਿਹਾ ਅਤੇ ਨਾ ਹੀ ਕੋਈ ਵੱਡਾ ਨਿਵੇਸ਼ਕ ਹੀ ਛੋਟੇ ਕਿਸਾਨਾਂ ਦੀ ਬਾਂਹ ਫੜਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਅਤੇ ਕਿਸਾਨਾਂ ਦੇ ਆਰਥਕ ਹਾਲਾਤਾਂ ਵਿਚ ਵੱਡੇ ਪੱਧਰ ’ਤੇ ਸੁਧਾਰ ਹੋਵੇਗਾ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨਾਲ ਘੰਟਿਆਂ ਬੱਧੀ ਚਰਚਾਵਾਂ ਕੀਤੀਆਂ ਗਈਆਂ, ਲੋਕ ਸਭਾ ਅਤੇ ਰਾਜ ਸਭਾ ਵਿਚ 4-4 ਘੰਟੇ ਹੋਈ ਚਰਚਾ ਮੌਕੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਸੁਣਿਆ, ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਧਨਵਾਦ ਪ੍ਰਸਤਾਵ ’ਤੇ ਹੋਈ ਚਰਚਾ ਮੌਕੇ ਵੀ ਗੱਲਾਂ ਹੋਈਆਂ ਪਰ ਦੁਖ ਵਾਲੀ ਗੱਲ ਹੈ ਕਿ ਵਿਰੋਧੀ ਧਿਰਾਂ ਦੇ ਸਾਰੇ ਆਗੂਆਂ ਨੇ ਕਿਸਾਨ ਅੰਦੋਲਨ ਦੀ ਗੱਲ ਤਾਂ ਬਾਰ-ਬਾਰ ਕੀਤੀ ਪਰ ਖੇਤੀ ਅਤੇ ਕਿਸਾਨਾਂ ਦਾ ਦੰਭ ਭਰਨ ਵਾਲੇ ਇਨ੍ਹਾਂ ਆਗੂਆਂ ਨੇ ਇਕ ਵਾਰ ਵੀ ਖੇਤੀ ਕਾਨੂੰਨਾਂ ਵਿਚ ਕਮੀ ’ਤੇ ਕੋਈ ਵੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਹੈ ਤਾਂ ਸਿਆਸਤ ਕਰਨ ਦੀ ਆਜ਼ਾਦੀ ਵੀ ਸਾਰਿਆਂ ਨੂੰ ਹੈ ਪਰ ਕੀ ਕਿਸਾਨ ਨੂੰ ਮਾਰ ਕੇ ਸਿਆਸਤ ਕੀਤੀ ਜਾਵੇਗੀ? ਕੀ ਦੇਸ਼ ਦੇ ਕਿਸਾਨ ਦਾ ਅਹਿੱਤ ਕਰ ਕੇ ਰਾਜਨੀਤੀ ਕੀਤੀ ਜਾਵੇਗੀ? ਦੇਸ਼ ਦੀ ਖੇਤੀ ਦੀ ਅਰਥ ਵਿਵਸਥਾ ਨੂੰ ਤਿਲਾਂਜਲੀ ਦੇ ਕੇ ਅਪਣੇ ਮਨਸੂਬਿਆਂ ਨੂੰ ਪੂਰਾ ਕੀਤਾ ਜਾਵੇਗਾ? ਯਕੀਨਨ ਇਸ ਮਸਲੇ ਤੇ ਨਵੀਂ ਪੀੜੀ ਨੂੰ ਵਿਚਾਰ ਕਰਨ ਦੀ ਲੋੜ ਹੈ।

ਤੋਮਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਕਈ ਦੌਰ ਦੀ ਗੱਲਬਾਤ ਹੋਈ, ਉਸ ਵਿਚ ਕਈ ਗੱਲਾਂ ’ਤੇ ਵਿਚਾਰਾਂ ਹੋਈਆਂ ਅਤੇ ਕਿਸਾਨਾਂ ਦੀ ਖ਼ਾਤਰ ਭਾਰਤ ਸਰਕਾਰ ਖੇਤੀ ਕਾਨੂੰਨਾਂ ਵਿਚ ਸੋਧਾਂ ਲਈ ਵੀ ਰਾਜ਼ੀ ਹੋੲ ਗਈ ਪਰ ਸਰਕਾਰ ਇਨ੍ਹਾਂ ਕਾਨੂੰਨਾਂ ਵਿਚ ਸੋਧਾਂ ਲਈ ਰਾਜ਼ੀ ਹੋ ਗਈ ਇਸ ਇਹ ਅੰਦਾਜ਼ਾ ਲਾਉਣਾ ਜਾਂ ਇਹ ਮਤਲਬ ਕੱਢਣਾ ਕਿ ਖੇਤੀ ਕਾਨੂੰਨਾਂ ਵਿਚ ਕੋਈ ਕਮੀ ਹੈ ਤਾਂ ਕੋਈ ਵੀ ਅਜਿਹਾ ਬਿਲਕੁਲ ਨਾ ਸਮਝੇ ਕਿ ਖੇਤੀ ਕਾਨੂੰਨਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਕਰ ਕੇ ਸਰਕਾਰ ਸੋਧਾਂ ਲਈ ਰਾਜ਼ੀ ਹੋਈ ਹੈ।

ਉਨ੍ਹਾਂ ਕਿਹਾ ਕਿ ਕਿਉਂਕਿ ਜੋ ਅੰਦੋਲਨ ਬੀਤੇ ਸਮੇਂ ਤੋਂ ਚੱਲ ਰਿਹਾ ਹੈ ਉਸ ਦਾ ਚਿਹਰਾ ਕਿਸਾਨਾਂ ਦਾ ਬਣਿਆ ਹੋਇਆ ਹੈ ਅਤੇ ਕਿਸਾਨਾਂ ਦੇ ਪ੍ਰਤੀ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦਾ ਸਮਰਪਣ ਹੈ, ਕਿਸਾਨਾਂ ਨੂੰ ਖ਼ੁਸ਼ਹਾਲ ਦੇਖਣ ਦੀ ਇੱਛਾ ਰੱਖਣ ਵਾਲੀ ਇਹ ਸਰਕਾਰ ਹੈ ਅਤੇ ਕਿਸਾਨਾਂ ਦਾ ਸਨਮਾਨ ਬਰਕਰਾਰ ਰਹੇ ਇਹ ਸਰਕਾਰ ਦੀ ਪਹਿਲ ਹੈ,  ਇਸੇ ਲਈ ਸਰਕਾਰ ਸੋਧਾਂ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਜ਼ੋਰ ਦੇ ਕਿ ਇਸ ਗੱਲ ਨੂੰ ਦੁਹਰਾਇਆ ਕਿ ਇਸ ਗੱਲ ਦਾ ਇਹ ਮਤਲਬ ਕੱਢਣਾ ਕਿ ਕਾਨੂੰਨਾਂ ਵਿਚ ਕਮੀ ਇਹ ਪੂਰੀ ਤਰ੍ਹਾਂ ਨਾਲ ਗ਼ਲਤ ਹੈ ਅਤੇ ਇਸ ਗੱਲ ਦਾ ਜਵਾਬ ਦੇਣ ਦੀ ਸਥਿਤੀ ਵਿਚ ਵੀ ਕੋਈ ਨਜ਼ਰ ਨਹੀਂ ਆ ਰਿਹਾ।

ਤੋਮਰ ਨੇ ਕਿਹਾ ਕਿ ਜਦੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਦਲਾਅ ਹੁੰਦਾ ਹੈ ਤਾਂ ਉਸ ਬਦਲਾਅ ਵਿਚ ਸਾਰੇ ਦੇਸ਼ ਨੂੰ ਇੱਕਜੁੱਟ ਰੱਖ ਕੇ ਅਗੇ ਲੈ ਜਾਣਾ ਇਹ ਔਖਾ ਕੰਮ ਹੁੰਦਾ ਹੈ, ਜਦੋਂ ਬਦਲਾਅ ਮੌਕੇ ਕਈ ਵਾਰ ਅਜਿਹੇ ਹਾਲਾਤ ਬਣਦੇ ਹਨ ਤਾਂ ਕਈ ਲੋਕ ਮਜ਼ਾਕ ਵੀ ਉੜਾਉਂਦੇ ਨੇ, ਕੁੱਝ ਲੋਕ ਵਿਰੋਧ ਵੀ ਕਰਦੇ ਨੇ ਪਰ ਜੇਕਰ ਬਦਲਾਅ ਪਿੱਛੇ ਨੀਤੀ ਤੇ ਨੀਅਤ ਸਾਪ ਹੋਵੇ ਤਾਂ ਅਖ਼ੀਰ ਵਿਚ ਉਸ ਬਦਲਾਅ ਨੂੰ ਲੋਕਾਂ ਨੂੰ ਮੰਨਣਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦਾ ਸੱਭ ਤੋਂ ਵੱਡਾ ਖੇਤਰ ਵੀ ਖੇਤੀਬਾੜੀ ਸੈਕਟਰ ਹੀ ਹੈ ਪਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਨੌਜਵਾਨ ਖੇਤੀਬਾੜੀ ਵਿਚ ਗੈ੍ਰਜੂਏਟ ਤਾਂ ਹੁੰਦੇ ਹਨ ਪਰ ਉਸ ਤੋਂ ਬਾਅਦ ਕਿਸੇ ਹੋਰ ਖਿੱਤੇ ਵਿਚ ਜਾ ਕੇ ਕੰਮ ਕਰਨ ਲੱਗ ਜਾਂਦੇ ਹਨ, ਉਨ੍ਹਾਂ ਕਿਹਾ ਕਿ ਨੌਜਵਾਨ ਵਧੀਆ ਪੜ੍ਹਾਈ ਕਰਨ ਅਤੇ ਵਧੀਆ ਨੌਕਰੀਆਂ ਕਰਨ ਇਹ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਹਨ ਪਰ ਖੇਤੀ ਦੇ ਸੈਕਟਰ ਵਿਚ ਪੜ੍ਹਾਈ ਕਰਨ ਵਾਲੇ ਨੌਜਵਾਨ ਆਤਮ ਨਿਰਭਰ ਬਣਨ ਇਹ ਸਰਕਾਰ ਦੀ ਦਿਲੀ ਇੱਛਾ ਹੈ ਤਾਂ ਜੋ ਨੌਜਵਾਨ ਅਪਣੇ ਤੋਂ ਇਲਾਵਾ ਦੂਸਰਿਆਂ ਨੂੰ ਵੀ ਰੁਜ਼ਗਾਰ ਦੇ ਵਧੀਆ ਮੌਕੇ ਪੈਦਾ ਕਰ ਕੇ ਦੇਣ ਦੇ ਯੋਗ ਬਣਨ।

ਇਸ ਮੌਕੇ ਖੇਤੀਬਾੜੀ ਮੰਤਰੀ ਤੋਮਰ ਨੇ ‘ਐਗਰੀਵਿਜ਼ਨ’ ਦਾ ਸੋਵੀਨਾਰ ਵੀ ਰਿਲੀਜ਼ ਕੀਤਾ ਜਦਕਿ ‘ਐਗਰੀਵਿਜ਼ਨ ਐਵਾਰਡ-2021’ ਦੀ ਕੜੀ ਵਿਚ ਖੇਤੀ ਸੈਕਟਰ ਵਿਚ ਲਾਮਿਸਾਲ ਕੰਮ ਕਰਨ ਵਾਲੇ ‘ਮੈਕਲੈਕ’ ਦੇ ਇੰਨੋਵੇਟਿਵ ਸੀ.ਐਮ.ਡੀ ਨਾਰਾਇਣ ਭਾਰਦਵਾਜ ਨੂੰ ‘ਬੈਸਟ ਐਂਟਰਪ੍ਰੇਨਿਓਰ’ ਅਵਾਰਡ, ਕੈਥਲ (ਹਰਿਆਣਾ) ਦੇ ਪ੍ਰੌਗਰੈਸਿਵ ਫ਼ਾਰਮਰ ਮਹਿੰਦਰ ਸਿੰਘ ਨੂੰ ‘ਕਿ੍ਰਸ਼ੀ ਰਤਨ’ ਅਵਾਰਡ, ਆਈਸੀਏਆਰ-ਆਈਏਆਰਆਈ ਦੇ ਵਾਟਰ ਟੈਕਨਾਲਾਜੀ ਸੈਂਟਰ ਦੇ ਪਿ੍ਰੰਸਿਪਲ ਸਾਈਂਟਿਸਟ ਡਾ. (ਸ੍ਰੀਮਤੀ) ਸੁਸਮਾ ਸੁਧਿਸ਼ਰੀ ਅਤੇ ਡ੍ਰਾਈਲੈਂਡ ਐਗ੍ਰੀਕਲਚਰ ਲਈ ਏਆਈਸੀਆਰਪੀ ਹੈਦਰਾਬਾਦ ਦੇ ਪ੍ਰਾਜੈਕਟ ਕੋ-ਆਰਡੀਨੇਟਰ ਡਾ.ਜੀ ਰਵਿੰਦਰ ਚੇਰੀ ਨੂੰ ‘ਬੈਸਟ ਸਾਈਂਟਿਸਟ’ ਅਵਾਰਡ, ਆਈਸੀਏਆਰ-ਆਈਏਆਰਆਈ ਦੇ ਡਿਵੀਜ਼ਨ ਆਫ਼ ਜੈਨੇਟਿਕਸ ਦੇ ਪੀ.ਐਚਡੀ ਸਕਾਲਰ ਨੀਰਜ ਕੁਮਾਰ ਅਤੇ ਆਚਾਰਿਆ ਐਨ.ਜੀ ਰੰਗਾ ਐਗਰੀਕਲਚਰ ਯੁਨੀਵਰਸਿਟੀ (ਅੰਗਰਾਊ) ਆਂਧਰਾ ਪ੍ਰਦੇਸ਼ ਦੇ ਡਿਪਾਰਟਮੈਂਟ ਆਫ਼ ਐਗਰੀਕਲਚਰ ਐਕਸਟੈਂਸ਼ਨ ਦੀ ਪੀ.ਐਚਡੀ ਸਕਾਲਰ ਬਬੀਤਾ ਅਧਿਕਾਰੀ ਨੂੰ ‘ਬੈਸਟ ਸਟੂਡੈਂਟ’ ਅਵਾਰਡ ਨਾਲ ਸਮਨਾਮਤ ਕੀਤਾ ਗਿਆ। 

(ਪ੍ਰਮੋਦ ਕੌਸ਼ਲ)