ਮਿਥੁਨ ਚੱਕਰਵਰਤੀ 'ਤੇ ਤ੍ਰਿਣਮੂਲ ਕਾਂਗਰਸ ਦਾ ਨਿਸ਼ਾਨਾ, ED ਡਰੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਦੋਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਵੱਡੇ ਅਦਾਕਾਰ ਦੇ ਕਈ ਪ੍ਰੋਡਕਸ਼ਨ ਹਾਊਸਾਂ ਨਾਲ ਜੁੜੇ ਹੋਣ ਵਾਂਗ ਮਿਥੁਨ ਚੱਕਰਵਰਤੀ ਪਾਰਟੀਆਂ ਬਦਲ ਰਹੇ ਹਨ

Mithun Chakraborty

ਕੋਲਕਾਤਾ : ਚੋਣਾਂ ਨੇੜੇ ਆਉਂਦੇ ਹੀ ਸਿਆਸੀ ਆਗੂਆਂ ਤੇ ਪ੍ਰਸਿੱਧ ਹਸਤੀਆਂ ਦੇ ਭਵਿੱਖੀ ਮਨਸੂਬਿਆਂ ਤਹਿਤ ਸਿਆਸੀ ਪਾਰਟੀਆਂ ਨਾਲ ਜੁੜਣ ਦਾ ਦੌਰ ਸ਼ੁਰੂ ਹੋ ਜਾਂਦਾ  ਹੈ। ਪਿਛਲੇ ਕੁੱਝ ਸਾਲਾਂ ਤੋਂ ਇਸ ਵਿਚ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ। ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਅਜਿਹੀਆਂ ਖ਼ਬਰਾਂ ਦੀ ਭਰਮਾਰ ਹੋਣ ਲੱਗੀ ਹੈ, ਖਾਸ ਕਰ ਕੇ ਭਾਜਪਾ ਦੀ ਦਿਲਚਸਪੀ ਦਾ ਕੇਂਦਰ ਬਣੇ ਪੱਛਮੀ ਬੰਗਾਲ ਵਿਚ ਦਲ-ਬਦਲੀ ਤਹਿਤ ਕਈ ਆਗੂਆਂ ਦਾ ਭਾਜਪਾ ਵਿਚ ਆਉਣਾ ਜਾਰੀ ਹੈ। ਇਸੇ ਦੌਰਾਨ ਪ੍ਰਸਿੱਧ ਅਦਾਕਾਰ ਮਿਥੁਨ ਚੱਕਰਵਰਤੀ ਨੇ ਵੀ ਭਾਜਪਾ ਦਾ ਪੱਲਾ ਫੜਦਿਆਂ ਬੀਤੇ ਕੱਲ੍ਹ ਸਿਆਸੀ ਫੁਕਾਰ ਭਰੀ ਹੈ।

ਉਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਅਦ ਲੋਕਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਖਾਸ ਕਰ ਕੇ ਸੋਸ਼ਲ ਮੀਡੀਆ ਵਿਚ ਇਸ ਸਬੰਧੀ ਚਰਚਾਵਾਂ ਦਾ ਬਜ਼ਾਰ ਗਰਮ ਹੈ। ਦੂਜੇ ਪਾਸੇ ਪੱਛਮੀ ਬੰਗਾਲ ਦੀ ਸੱਤਾਧਾਰੀ ਧਿਰ ਤ੍ਰਿਣਮੂਲ ਕਾਂਗਰਸ ਨੇ ਮਿਥੁਨ ਚੱਕਰਵਰਤੀ ਨੂੰ 'ਨਕਸਲੀ' ਕਹਿੰਦਿਆਂ ਇਸਨੂੰ ED ਦੀ ਕਾਰਵਾਈ ਦੇ ਡਰੋਂ ਚੁਕਿਆ ਗਿਆ ਕਦਮ ਕਰਾਰ ਦਿੱਤਾ ਹੈ।

ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਸੌਗਤ ਰਾਏ ਮੁਤਾਬਕ ਹੁਣ ਮਿਥੁਨ ਚੱਕਰਵਰਤੀ ਦਾ ਆਮ ਲੋਕਾਂ ’ਚ ਕੋਈ ਆਧਾਰ ਨਹੀਂ ਹੈ। ਸਭ ਤੋਂ ਪਹਿਲਾਂ ਉਹ ਨਕਸਲੀ ਸਨ, ਫਿਰ ਉਹ ਸੀਪੀਐਮ ’ਚ ਸ਼ਾਮਲ ਹੋ ਗਏ, ਫਿਰ ਤ੍ਰਿਣਮੂਲ ਕਾਂਗਰਸ ’ਚ ਆਏ ਤੇ ਰਾਜ ਸਭਾ ਮੈਂਬਰ ਬਣ ਗਏ। ਭਾਜਪਾ ਨੇ ਉਨ੍ਹਾਂ ਨੂੰ ED ਦਾ ਡਰ ਵਿਖਾਇਆ, ਤਾਂ ਉਨ੍ਹਾਂ ਰਾਜ ਸਭਾ ਛੱਡ ਦਿੱਤੀ ਤੇ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਦੀ ਆਪਣੀ ਕੋਈ ਵੀ ਭਰੋਸੇਯੋਗਤਾ ਨਹੀਂ।

ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਣਾਲ ਘੋਸ਼ ਨੇ ਕਿਹਾ ਕਿ ਵੱਡੇ ਅਦਾਕਾਰ ਕਈ ਪ੍ਰੋਡਕਸ਼ਨ ਹਾਊਸ ਨਾਲ ਜੁੜੇ ਹੁੰਦੇ ਹਨ। ਮਿਥੁਨ ਚੱਕਰਵਰਤੀ ਵੀ ਬਿਲਕੁਲ ਉਵੇਂ ਹੀ ਇਕ ਤੋਂ ਦੂਜੀ ਪਾਰਟੀ ’ਚ ਜਾ ਰਹੇ ਹਨ। ਉੱਧਰ ਸੀਪੀਆਈ ਦੇ ਸੀਨੀਅਰ ਆਗੂ ਸੁਜਨ ਚੱਕਰਵਰਤੀ ਨੇ ਕਿਹਾ ਕਿ ਮਿਥੁਨ ਜਿਹੇ ਦਲ-ਬਦਲੂਆਂ ਉੱਤੇ ਲੋਕ ਕਦੇ ਭਰੋਸਾ ਨਹੀਂ ਕਰਨਗੇ। ਇਸੇ ਲਈ ਮਿਥੁਨ ਚੱਕਰਵਰਤੀ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਚੋਣ ਨਤੀਜਿਆਂ ਉੱਤੇ ਕੋਈ ਫ਼ਰਕ ਨਹੀਂ ਪਵੇਗਾ।